ਸੁਖਜਿੰਦਰ ਮਾਨ
ਬਠਿੰਡਾ, 16 ਮਈ :ਅੱਜ ਦੇਰ ਸ਼ਾਮ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੀ ਤਹਿਸੀਲ ਮੋੜ ਵਿਖੇ ਤੈਨਾਤ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੇ ਪ੍ਰਮੁੱਖ ਸਕੱਤਰ ਮਾਲ ਕੇ.ਏ.ਪੀ ਸਿਨਹਾ ਵਲੋਂ ਜਾਰੀ ਮੁਅੱਤਲੀ ਦੇ ਹੁਕਮਾਂ ’ਚ ਉਨ੍ਹਾਂ ਦਾ ਹੈਡਕੁਆਟਰ ਬਠਿੰਡਾ ਬਣਾਇਆ ਗਿਆ ਹੈ। ਸੂਤਰਾਂ ਮੁਤਾਬਕ ਉਕਤ ਤਹਿਸੀਲਦਾਰ ਦੇ ਵਿਰੁਧ ਲੰਘੀ 9 ਮਈ ਨੂੰ ਦੋ ਵਿਅਕਤੀਆਂ ਵਲੋਂ ਸੂਬੇ ਦੇ ਮਾਲ ਮੰਤਰੀ ਨੂੰ ਰਜਿਸਟਰੀਆਂ ਕਰਨ ਸਮੇਂ ਤੰਗ ਪ੍ਰੇਸ਼ਾਨ ਕਰਨ ਅਤੇ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ਾਂ ਵਾਲੀ ਸਿਕਾਇਤ ਭੇਜੀ ਸੀ, ਜਿਸ ਉਪਰ ਹੁਣ ਇਹ ਕਾਰਵਾਈ ਕੀਤੀ ਗਈ ਹੈ।ਹਾਲਾਂਕਿ ਸੰਪਰਕ ਕਰਨ ‘ਤੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਖੁਦ ਅਪਣੀ ਮੁਅੱਤਲੀ ਦੇ ਪਿੱਛੇ ਕਾਰਨਾਂ ਤੋਂ ਅਣਜਾਣਤਾ ਜਾਹਰ ਕੀਤੀ ਹੈ ਪ੍ਰੰਤੂ ਪਤਾ ਲੱਗਿਆ ਹੈ ਕਿ 9 ਮਈ ਨੂੰ ਤਹਿਸੀਲ ’ਚ ਵਾਪਰੀ ਇੱਕ ਘਟਨਾ ਦੌਰਾਨ ਮੀਟਿੰਗ ਵਿਚ ਉਲਝੇ ਉਕਤ ਤਹਿਸੀਲਦਾਰ ਵਲੋਂ ਵਿਧਾਇਕ ਦੇ ਇੱਕ ਨਜਦੀਕੀ ਦੇ ਨਾਲ ਫ਼ੋਨ ’ਤੇ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਸੀ, ਜੋ ਉਸਨੂੰ ਮਹਿੰਗਾ ਪੈ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਮੁਅੱਤਲ ਕੀਤੇ ਗਏ ਨਾਇਬ ਤਹਿਸੀਲਦਾਰ ਦੇ ਪਿਛਲੇ ਕੁੱਝ ਸਮੇਂ ਤੋਂ ਹਲਕਾ ਵਿਧਾਇਕ ਨਾਲ ‘ਚੱਕਰ’ ਨਹੀਂ ਮਿਲ ਰਹੇ ਸਨ, ਜਿਸਦੇ ਚੱਲਦੇ ਉਸਦੇ ਵਿਰੁਧ ਇਹ ਵੱਡੀ ਕਾਰਵਾਈ ਹੋਈ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਨ੍ਹਾਂ ਦਾ ਮੁਅੱਤਲੀ ਅਧੀਨ ਹੈਡਕੁਆਟਰ ਬਠਿੰਡਾ ਰਹੇਗਾ।
ਪੰਜਾਬ ਸਰਕਾਰ ਵਲੋਂ ਮੋੜ ਮੰਡੀ ਦਾ ਨਾਇਬ ਤਹਿਸੀਲਦਾਰ ਮੁਅੱਤਲ
22 Views