9 Views
ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਨੇ ਬਰਨਾਲਾ ਬਾਈਪਾਸ ‘ਤੇ ਘੇਰੀ ਔਰਬਿੱਟ
ਸੁਖਜਿੰਦਰ ਮਾਨ
ਬਠਿੰਡਾ, 25 ਮਈ: ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਸਥਾਨਕ ਬੀਬੀਵਾਲਾ ਚੌਕ ਵਿਖੇ ਨਜਾਇਜ ਤੌਰ ‘ਤੇ ਚੱਲਣ ਨੂੰ ਲੈ ਕੇ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਅਤੇ ਆਰਬਿਟ ਕੰਪਨੀ ਵਿਚਕਾਰ ਖੜਕ ਗਈ। ਪਨਬੱਸ ਮੁਲਾਜ਼ਮਾਂ ਨੇ ਔਰਬਿਟ ਕੰਪਨੀ ਦੀ ਅਬੋਹਰ ਤੋਂ ਚੰਡੀਗੜ੍ਹ ਤੱਕ ਚੱਲਦੀ ਵਾਲਵੋ ਬੱਸ ਨੂੰ ਨਜਾਇਜ ਦਸਦਿਆ ਘੇਰ ਲਿਆ। ਹਾਲਾਂਕਿ ਇਸ ਮੌਕੇ ਆਰਬਿਟ ਕੰਪਨੀ ਦੇ ਮੁਲਾਜਮਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਨਾ ਸਿਰਫ ਪਰਮਿਟ ਹੈ ਬਲਕਿ ਇਸ ਬੱਸ ਦੇ ਗੇੜੇ ਟਾਇਮ ਟੇਬਲ ਵਿੱਚ ਪਏ ਹੋਏ ਹਨ। ਇਸ ਦੌਰਾਨ ਦੋਨਾਂ ਧਿਰਾਂ ਵਿਚਕਾਰ ਝਗੜਾ ਵਧ ਗਿਆ ਤੇ ਪੀ ਆਰ ਟੀ ਸੀ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਵੀ ਮੌਕੇ ‘ਤੇ ਪੁੱਜ ਗਏ ਜਿਨ੍ਹਾਂ ਸਰਕਾਰੀ ਬੱਸਾਂ ਨੂੰ ਬੀਬੀਵਾਲਾ ਚੌਂਕ ਵਿਚ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਯੂਨੀਅਨ ਦੇ ਆਗੂ ਕਮਲ ਕੁਮਾਰ ਨੇ ਦੋਸ ਲਗਾਇਆ ਕਿ ਪੰਜਾਬ ਰੋਡਵੇਜ ਦਾ ਬਠਿੰਡਾ ਦੇ ਬੱਸ ਸਟੈਂਡ ਤੋਂ ਸਵੇਰੇ 4:50 ਵਜੇ ਦਾ ਚੰਡੀਗੜ੍ਹ ਲਈ ਚੱਲਦਾ ਹੈ ਪਰੰਤੂ ਬੱਸ ਦੇ ਬੀਬੀਵਾਲਾ ਚੌਂਕ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਆਰਬਿਟ ਬੱਸ ਇੱਥੋਂ ਸਵਾਰੀਆਂ ਚੁੱਕ ਕੇ ਲੈ ਜਾਂਦੀ ਹੈ। ਉਨ੍ਹਾਂ ਇਸ ਮੌਕੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਚੱਲਦੀਆਂ ਨਜਾਇਜ ਬੱਸਾਂ ਨੂੰ ਤੁਰੰਤ ਬੰਦ ਕਰਨ। ਇਸ ਦੌਰਾਨ ਸਰਕਾਰੀ ਬੱਸ ਦੇ ਕੰਢਕਟਰ ਗੁਰਪ੍ਰੀਤ ਸਿੰਘ ਨੇ ਵੀ ਦੋਸ ਲਗਾਇਆ ਕਿ ਉਕਤ ਬੱਸ ਦੀ ਕੰਪਨੀ ਇਕੱਲੇ ਬਠਿੰਡਾ ਤੋਂ ਹੀ ਨਹੀਂ ਬਲਕਿ ਚੰਡੀਗੜ੍ਹ ਤੱਕ ਸਾਰੇ ਰਾਸਤੇ ਵਿਚੋਂ ਸਵਾਰੀਆਂ ਚੁੱਕਦੇ ਜਾਂਦੇ ਹਨ ਜਿਸ ਨਾਲ ਜਨਤਕ ਟ੍ਰਾਂਸਪੋਰਟ ਨੂੰ ਵੱਡਾ ਘਾਟਾ ਪੈਂਦਾ ਹੈ। ਦੂਜੇ ਪਾਸੇ ਬਾਅਦ ਵਿੱਚ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋਣ ਦੀ ਵੀ ਸੂਚਨਾ ਹੈ, ਜਿਸਦੇ ਤਹਿਤ ਆਰਬਿਟ ਬੱਸ ਪੰਜਾਬ ਰੋਡਵੇਜ਼ ਦੀ ਬੱਸ ਤੋਂ ਬਾਅਦ ਰਵਾਨਾ ਹੋਇਆ ਕਰੇਗੀ ਤੇ ਅੱਜ ਵੀ ਸਮਾਂ ਟੱਪਣ ਕਾਰਨ ਆਰਬਿਟ ਬੱਸ ਖਾਲੀ ਹੀ ਚੰਡੀਗੜ੍ਹ ਲਈ ਰਵਾਨਾ ਹੋਈ।
Share the post "ਬਠਿੰਡਾ ‘ਚ ਸਵੇਰੇ-ਸਵੇਰੇ ਮੁੜ ਬਾਦਲਾਂ ਦੀ ਆਰਬਿਟ ਤੇ ਪੀਆਰਟੀਸੀ ਮੁਲਾਜਮਾਂ ‘ਚ ਹੋਇਆ ਖੜਕਾ-ਦੜਕਾ"