ਸੁਖਜਿੰਦਰ ਮਾਨ
ਬਠਿੰਡਾ, 27 ਸਤੰਬਰ-ਸੰਯੁਕਤ ਮੋਰਚੇ ਵਲੋਂ ਅੱਜ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਬਠਿੰਡਾ ਸ਼ਹਿਰ ’ਚ ਭਰਵਾਂ ਹੂੰਗਾਰਾ ਮਿਲਿਆ। ਦੁਕਾਨਦਾਰਾਂ ਤੇ ਵਪਾਰੀਆਂ ਵਲੋਂ ਦਿੱਤੇ ਸਮਰਥਨ ਦੇ ਚੱਲਦਿਆਂ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਇਸੇ ਤਰ੍ਹਾਂ ਧਰਨੇ ਲੱਗਣ ਤੋਂ ਪਹਿਲਾਂ ਹੀ ਸੜਕਾਂ ਉਪਰ ਟਾਵੀਆਂ-ਟਾਵੀਆਂ ਸਰਕਾਰੀ ਬੱਸਾਂ ਹੀ ਦਿਖ਼ਾਈ ਦਿੱਤੀਆਂ। ਜਦੋਂਕਿ ਪ੍ਰਾਈਵੇਟ ਟ੍ਰਾਂਸਪੋਟਰਾਂ ਨੇ ਪਹਿਲਾਂ ਹੀ ਕਿਸਾਨਾਂ ਦੀ ਹਿਮਾਇਤ ਵਿਚ ਅਪਣੀਆਂ ਬੱਸਾਂ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਸੀ। ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦਾ ਉਤਸ਼ਾਹ ਦੇਖਣਾ ਬਣਦਾ ਸੀ ਕਿਉਂਕਿ ਦਿਨ ਚੜ੍ਹਦੇ ਹੀ ਕਈ ਥਾਵਾਂ ’ਤੇ ਉਤਸ਼ਾਹੀ ਨੌਜਵਾਨ ਤੇ ਕਿਸਾਨ ਪੁੱਜ ਗਏ ਸਨ। ਬੰਦ ਦੇ ਸਮਰਥਨ ਵਿਚ ਇਕੱਲੇ ਕਿਸਾਨ ਹੀ ਨਹੀਂ, ਬਲਕਿ ਵੱਖ-ਵੱਖ ਮੁਲਾਜਮ, ਸਮਾਜਿਕ, ਧਾਰਮਿਕ ਤੇ ਹੋਰ ਜਥੇਬੰਦੀਆਂ ਵੀ ਪੂੁਰੇ ਜੋਸ਼ੋ-ਖਰੋਸ਼ ਨਾਲ ਉਤਰੀਆਂ ਹੋਈਆਂ ਸਨ। ਦੋਧੀ ਯੂਨੀਅਨ ਨੇ ਅੱਜ ਕਿਸਾਨਾਂ ਦੀ ਹਿਮਾਇਤ ’ਚ ਦੁੱਧ ਦੀ ਸਪਲਾਈ ਠੱਪ ਰੱਖੀ। ਸ਼ਹਿਰ ’ਚ ਮੁੱਖ ਤੌਰ ’ਤੇ ਭਾਈ ਘਨੱਈਆ ਚੌਕ ਵਿਚ ਵੱਡਾ ਧਰਨਾ ਦਿੱਤਾ ਗਿਆ। ਲਗਭਗ ਸਾਰੇ ਹੀ ਨਿੱਜੀ ਵਿੱਦਿਅਕ ਅਦਾਰੇ ਵੀ ਮੁਕੰਮਲ ਤੌਰ ’ਤੇ ਬੰਦ ਰਹੇ। ਕਈ ਥਾਂ ਰੇਲ ਪਟੜੀਆਂ ਰੋਕੀਆਂ ਹੋਣ ਕਾਰਨ ਰੇਲ ਆਵਾਜਾਈ ਰੱਦ ਕਰਨੀ ਪਈ। ਥਾਂ ਥਾਂ ਲੱਗੇ ਧਰਨਿਆਂ ਵਿਚ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਪੱਧਰ ’ਤੇ ਸ਼ਹਿਰੀ ਪੁੱਜੇ ਹੋਏ ਸਨ। ਇਸੇ ਤਰ੍ਹਾਂ ਸਥਾਨਕ ਕੋਂਸਲਰਾਂ ਨੇ ਵੀ ਪਾਵਰ ਹਾਊਸ ਰੋਡ ਚੌਕ ’ਤੇ ਕਿਸਾਨਾਂ ਦੀ ਹਿਮਾਇਤ ਵਿਚ ਜਾਮ ਲਗਾਇਆ। ਕੋਂਸਲਰ ਪਰਵਿੰਦਰ ਸਿੰਘ ਸਿੱਧੂ ਤੇ ਕੰਵਲਜੀਤ ਸਿੰਘ ਭੰਗੂ ਨੇ ਐਲਾਨ ਕੀਤਾ ਕਿ ਉਹ ਸਿਆਸੀ ਨੁਮਾਇੰਦਿਆਂ ਤੋਂ ਪਹਿਲਾਂ ਕਿਸਾਨ ਹਨ ਤੇ ਕਿਸਾਨਾਂ ਦੀ ਹਿਮਾਇਤ ਤੋਂ ਕਦੇ ਪਿੱਛੇ ਨਹੀਂ ਹਟਣਗੇ। ਉਧਰ ਪੁਲਿਸ ਪ੍ਰਸ਼ਾਸਨ ਵਲੋਂ ਬੰਦ ਦੇ ਅਮਲ ਨੂੰ ਸ਼ਾਂਤੀਪੂਰਵਕ ਬਣਾਉਣ ਲਈ ਵੱਡੀ ਪੱਧਰ ’ਤੇ ਤਿਆਰੀਆਂ ਕੀਤੀਆਂ ਹੋਈਆਂ ਸਨ। ਐਸ.ਐਸ.ਪੀ ਅਜੈ ਮਲੂਜਾ ਖੁਦ ਵੱਖ ਵੱਖ ਥਾਵਾਂ ‘ਤੇ ਲੱਗੇ ਧਰਨਿਆਂ ਉਪਰ ਨਜ਼ਰ ਰੱਖੇ ਹੋਏ ਸਨ। ਜਦੋਂਕਿ ਪੁਲਿਸ ਦੀ ਪੀਸੀਆਰ ਟੀਮਾਂ ਤੇ ਥਾਣਾ ਮੁਖੀ ਵੀ ਧਰਨਿਆਂ ਵਾਲੀਆਂ ਥਾਵਾਂ ’ਤੇ ਪੁੱਜੇ ਹੋਏ ਸਨ। ਉਜ ਜ਼ਿਲ੍ਹੇ ਵਿਚ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ। ਸ਼ਹਿਰ ਵਿਚ ਕੁੱਝ ਨੌਜਵਾਨ ਗੱਡੀਆਂ ’ਤੇ ਸਵਾਰ ਹੋ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲਾਂ ਕਰਦੇ ਰਹੇ। ਉਜ ਸ਼ਹਿਰ ਵਿਚ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਸਨ। ਕਿਸਾਨ ਜਥੇਬੰਦੀਆਂ ਵਲੋਂ ਧਰਨਿਆਂ ਤੇ ਜਾਮ ਵਾਲੇ ਥਾਵਾਂ ਉਪਰ ਵੀ ਬੀਮਾਰ ਤੇ ਐਮਰਜੈਂਸੀ ਵਾਲਿਆਂ ਨੂੰ ਲੰਘਣ ਦੀ ਛੋਟ ਦਿੱਤੀ ਹੋਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਜ਼ਿਲ੍ਹੇ ਵਿਚ ਅਪਣੇ ਤੌਰ ’ਤੇ ਕਰੀਬ 15 ਥਾਵਾਂ ਉਪਰ ਜਾਮ ਲਗਾਏ ਹੋਏ ਸਨ। ਜਿਸ ਵਿਚ ਮਾਨਸਾ ਰੋਡ ’ਤੇ ਪਿੰਡ ਕੋਟਸਮੀਰ, ਕੋਟਭਾਰਾ, ਘੁੰਮਣ ਕਲਾਂ, ਬਠਿੰਡਾ-ਬਰਨਾਲਾ ਰੋਡ ’ਤੇ ਲਹਿਰਾ ਬੇਗਾ ਟੋਲ ਪਲਾਜਾ, ਰਾਮਪੁਰਾ ਫੂਲ ਟੀ ਪੁਆਇੰਟ, ਬਠਿੰਡਾ ਮੋੜ ਰੋਡ ’ਤੇ ਪਿੰਡ ਢੱਡੇ, ਬਠਿੰਡਾ-ਡੱਬਵਾਲੀ ਰੋਡ ’ਤੇ ਟੀ ਪੋਆਇੰਟ ਰਿਫਾਇਨਰੀ ਰੋਡ, ਬਠਿੰਡਾ ਬਾਦਲ ਰੋਡ ’ਤੇ ਪਿੰਡ ਘੁੱਦਾ, ਬਠਿੰਡਾ ਮੁਕਤਸਰ ਰੋਡ ’ਤੇ ਪਿੰਡ ਸਰਜਾ ਮਹਿਮਾ, ਬਠਿੰਡਾ-ਅੰਮਿ੍ਰਤਸਰ ਰੋਡ ’ਤੇ ਪਿੰਡ ਜੀਦਾ ਦੇ ਟੋਲ ਪਲਾਜ਼ਾ, ਭੁੱਚੋ ਭਗਤਾ ਰੋਡ ’ਤੇ ਨਥਾਣਾ ,ਬਾਜਾਖਾਨਾ ਬਰਨਾਲਾ ਰੋਡ ’ਤੇ ਭਗਤਾ ਆਦਿ ਥਾਵਾਂ ’ਤੇ ਜਾਮ ਲਗਾਏ ਗਏ ਸਨ। ਮੋੜ ਨਜਦੀਕ ਲੱਗੇ ਧਰਨੇ ਦੌਰਾਨ ਅਪਣੀ ਡਿਊਟੀ ’ਤੇ ਜਾ ਰਹੇ ਸਹਾਇਕ ਕਮਿਸ਼ਨਰ ਜਨਰਲ ਨੂੰ ਵੀ ਕਿਸਾਨਾਂ ਨੇ ਲਾਘਾ ਦੇਣ ਤੋਂ ਇੰਨਕਾਰ ਕਰ ਦਿੱਤਾ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ, ਬਲਵਿੰਦਰ ਸਿੰਘ ਜੋਧਪੁਰ, ਆੜ੍ਹਤੀਆ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਜੈਨ ਆਦਿ ਨੇ ਸੰਬੋਧਨ ਕੀਤਾ।
ਇਸ ਖ਼ਬਰ ਨਾਲ ਸਬੰਧਤ ਫੋਟੋ 27 ਬੀਟੀਆਈ 01 ਅਤੇ 27 1 ਏ ਨੰਬਰ ਵਿਚ ਭੇਜੀ ਜਾ ਰਹੀ ਹੈ।
ਫ਼ੋਟੋਆਂ ਇਕਬਾਲ ਸਿੰਘ
.