10 ਅਕਤੂਬਰ ਨੂੰ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿਚ ਹੋਵੇਗੀ ਸੁਣਵਾਈ
ਸਾਬਕਾ ਮੰਤਰੀ ਵਲੋਂ ਭਲਕੇ ਹਾਈਕੋਰਟ ਵਿਚ ਜਮਾਨਤ ਲਗਾਉਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 8 ਅਕਤੂਬਰ: ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਲਈ ਪਲਾਟ ਖ਼ਰੀਦਣ ਵਾਸਤੇ ਕਥਿਤ ਤੌਰ ’ਤੇ ਬੀਡੀਏ ਦੇ ਰਿਕਾਰਡ ਵਿਚ ਭੰਨਤੋੜ ਕਰਨ ਦੇ ਮਾਮਲੇ ਵਿਚ ਮੁਜਰਮ ਬਣੇ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵੀ ਹੁਣ ਗ੍ਰਿਫਤਾਰੀ ਦੇ ਡਰੋਂ ਅਦਾਲਤ ਕੋਲੋਂ ਅਗਾਉਂ ਜਮਾਨਤ ਦੀ ਮੰਗ ਕੀਤੀ ਹੈ।ਪਲਾਟ ਮਾਮਲੇ ਵਿਚ ਵਿਜੀਲੈਂਸ ਵਲੋਂ ਲੰਘੀ 24 ਸਤੰਬਰ ਨੂੰ ਦਰਜ਼ ਕੀਤੇ ਮੁਕੱਦਮੇ ਵਿਚ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ-ਨਾਲ ਬਿਕਰਮ ਸਿੰਘ ਸੇਰਗਿੱਲ, ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ, ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਇੱਕ ਸਰਾਬ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿੰਘ ਨੂੰ ਮੁਲਜਮ ਵਜੋਂ ਨਾਮਜਦ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਚੁਣੌਤੀ ਕੀਤੀ ਸਵੀਕਾਰ: 10 ਨੂੰ ਸੁਖਬੀਰ ਪੁੱਜਣਗੇ ਮੁੱਖ ਦੀ ਰਿਹਾਇਸ਼ ਦੇ ਬਾਹਰ
ਇਸ ਕੇਸ ਵਿਚ ਤਿੰਨ ਪ੍ਰਾਈਵੇਟ ਵਿਅਕਤੀਆਂ ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਮੁਲਾਜਮ ਅਮਨਦੀਪ ਸਿੰਘ ਨੂੰ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਹੁਣ ਉਹ ਬਠਿੰਡਾ ਜੇਲ੍ਹ ਵਿਚ ਬੰਦ ਹਨ। ਸਾਬਕਾ ਵਿਤ ਮੰਤਰੀ ਨੇ ਵੀ ਬਠਿੰਡਾ ਦੀ ਅਦਾਲਤ ਵਿਚ ਜਮਾਨਤ ਦੀ ਅਰਜੀ ਲਗਾਈ ਸੀ ਪ੍ਰੰਤੂ ਸੈਸਨ ਅਦਾਲਤ ਨੇ ਇਸ ਅਰਜੀ ਨੂੰ ਲੰਘੀ 4 ਅਕਤੂਬਰ ਨੂੰ ਰੱਦ ਕਰ ਦਿੱਤਾ ਸੀ। ਜਿਸਤੋਂ ਬਾਅਦ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਵੀ 5 ਅਕਤੂੁਬਰ ਨੂੰ ਅਪਣੇ ਵਕੀਲ ਜਸਵੰਤ ਸਿੰਘ ਮਿਰਜੇਆਣਾ ਦੇ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਜਮਾਨਤ ਦੀ ਅਰਜੀ ਲਗਾਈ ਹੈ, ਜਿਸ ਉਪਰ ਹੁਣ 10 ਅਕਤੂਬਰ ਨੂੰ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਸ਼੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਸੁਣਵਾਈ ਹੋਵੇਗੀ।
ਭਗਵੰਤ ਮਾਨ ਵੱਲੋਂ ਐਸ ਵਾਈ ਐਲ ਸਹਿਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ
ਉਧਰ ਇਹ ਵੀ ਪਤਾ ਚੱਲਿਆ ਹੈ ਕਿ ਬਠਿੰਡਾ ਅਦਾਲਤ ਵਲੋਂ ਜਮਾਨਤ ਦੀ ਅਰਜੀ ਰੱਦ ਹੋਣ ਤੋਂ ਬਾਅਦ ਸਾਬਕਾ ਵਿਤ ਮੰਤਰੀ ਤੇ ਭਾਜਪਾ ਆਗੂ ਸ: ਬਾਦਲ ਵਲੋਂ ਹੁਣ ਭਲਕੇ ਜਾਂ ਪਰਸੋ ਹਾਈਕੋਰਟ ਵਿਚ ਅਗਾਉਂ ਜਮਾਨਤ ਦੀ ਅਰਜੀ ਲਗਾਈ ਜਾ ਰਹੀ ਹੈ। ਇਸਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਵੀ ਕੀਤੀ ਹੈ। ਉਨ੍ਹਾਂ ਦਸਿਆ ਕਿ ਜਲਦੀ ਹੀ ਹਾਈਕੋਰਟ ਕੋਲੋਂ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਇਸੇ ਤਰ੍ਹਾਂ ਜੇਲ੍ਹ ’ਚ ਬੰਦ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿੰਘ ਵਲੋਂ ਪੱਕੀ ਜਮਾਨਤ ਦੀ ਅਰਜੀ ਲਗਾਈ ਹੋਈ ਹੈ, ਜਿਸ ਉਪਰ 13 ਅਕਤੂਬਰ ਨੂੰ ਸੁਣਵਾਈ ਹੋਣੀ ਹੈ।
ਇੱਥੇ ਦਸਣਾ ਬਣਦਾ ਹੈ ਕਿ ਵਿਜੀਲੈਂਸ ਦੀ ਟੀਮਾਂ ਵਲੋਂ ਸਾਬਕਾ ਮੰਤਰੀ ਤੇ ਬਿਕਰਮ ਸ਼ੇਰਗਿੱਲ ਸਹਿਤ ਸੁਪਰਡੈਂਟ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਉਹ ਹਾਲੇ ਤੱਕ ਹੱਥ ਨਹੀਂ ਲੱਗ ਸਕੇ ਹਨ। ਇਸਤੋਂ ਇਲਾਵਾ ਇਸ ਕੇਸ ਵਿਚ ਵਿਜੀਲੈਂਸ ਵਲੋਂ ਕਈ ਕਲੌਨੀਨਾਈਜ਼ਰਾਂ ਤੋਂ ਇਲਾਵਾ ਕੌਂਸਲਰ, ਸਰਾਬ ਠੇਕੇਦਾਰ ਜਸਵਿੰਦਰ ਸਿੰਘ ਜੁਗਨੂੰ ਸਹਿਤ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਅਤੇ ਉਨ੍ਹਾਂ ਦੇ ਗੰਨਮੈਨ ਗੁਰਤੇਜ ਸਿੰਘ ਸਹਿਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ।