ਸੁਖਜਿੰਦਰ ਮਾਨ
ਬਠਿੰਡਾ, 18 ਮਈ: ਪਹਿਲਵਾਨਾਂ ਦੇ ਜੰਤਰ ਮੰਤਰ ਦਿੱਲੀ ਵਿਖੇ ਚਲ ਰਹੇ ਸੰਘਰਸ਼ ਵਿਚ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵਲੋਂ 20 ਮਈ ਨੂੰ ਸਰਗਰਮ ਸ਼ਮੂਲੀਅਤ ਕੀਤੀ ਜਾਵੇਗੀ । ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਮਸਲਾ ਕੇਵਲ ਔਰਤ ਪਹਲਿਵਾਨਾ ਦਾ ਹੀ ਨਹੀਂ ਸਗੋੱ ਸਮੁੱਚੇ ਔਰਤ ਵਰਗ ਨਾਲ ਹੋ ਰਹੀਆਂ ਵਧੀਕੀਆਂ ਨਾਲ ਵੀ ਜੁੜਿਆ ਹੋਇਆ ਹੈ। ਪਹਿਲਾਵਾਨਾ ਦੇ ਸੰਘਰਸ਼ ਨੂੰ ਮਿਲ ਰਹੀ ਹਮਾਇਤ ਨੂੰ ਦਬਾਉਣ ਲਈ ਅਪਣਾਏ ਜਾ ਰਹੇ ਹੱਥਕੰਢਿਆਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ । ਮਹਿਲਾ ਪਹਿਲਵਾਨਾਂ ਵਲੋਂ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਔਰਤ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ ਲਗੇ ਹਨ ਅਤੇ ਪੋਕਸੋ ਤਹਿਤ ਪਰਚਾ ਦਰਜ਼ ਕਰਕੇ ਪ੍ਰਧਾਨ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੀ ਸ਼ਹਿ ਕਾਰਨ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਲਟਾ ਖਿਡਾਰੀਆਂ ਦੇ ਸੰਘਰਸ਼ ਨੂੰ ਵੱਖ ਵੱਖ ਝੂਠੇ ਬਿਰਤਾਂਤ ਸਿਰਜ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ਤਕ 7 ਲੜਕੀਆਂ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਉਹਨਾਂ ਦਾ ਦੋਸ਼ ਹੈ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਬਣਾਈ ਜਾਂਚ ਕਮੇਟੀ ਪੱਖਪਾਤ ਕਰ ਰਹੀ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਭਾਵੇਂ ਕੁਸ਼ਤੀ ਸੰਘ ਦੇ ਪ੍ਰਧਾਨ ਖ਼ਿਲਾਫ਼ ਪਰਚਾ ਦਰਜ਼ ਕਰ ਲਿਆ ਗਿਆ ਹੈ ਪਰ ਆਪਣੇ ਬਾਹੂਬਲੀ ਕਿਰਦਾਰ ਕਾਰਨ ਪਿਛਲੇ ਬਾਰਾਂ ਸਾਲਾਂ ਤੋਂ ਕੁਸ਼ਤੀ ਫੈਡਰੇਸ਼ਨ ਤੇ ਕਾਬਜ਼ ਬ੍ਰਿਜ ਭੂਸ਼ਣ ਆਪਣੇ ਅਧਿਕਾਰਾਂ ਦੀ ਦੁਰਵਰਤੋ ਕਰਕੇ ਪਹਿਲਵਾਨਾਂ ਨਾਲ ਨਿਜੀ ਕਿੜ ਕੱਢ ਰਿਹਾ ਹੈ। ਅੰਦੋਲਨਕਾਰੀ ਪਹਿਲਵਾਨ ਦੀ ਇਹ ਮੰਗ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਬਿਨਾਂ ਦੇਰੀ ਗਿਰਫ਼ਤਾਰੀ ਹੋਵੇ,ਜਮਹੂਰੀ ਅਧਿਕਾਰ ਸਭਾ ਪੁਰਜ਼ੋਰ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕੁਸ਼ਤੀ ਸੰਘ ਦੀਆਂ ਨਿਰਪੱਖ ਚੋਣ ਜਲਦੀ ਕਰਵਾਈ ਜਾਵੇ।
Share the post "ਮਹਿਲਾ ਪਹਿਲਵਾਨਾਂ ਦੇ ਧਰਨੇ ਵਿੱਚ ਜਮਹੂਰੀ ਅਧਿਕਾਰ ਸਭਾ ਇਕਾਈ ਦਿੱਲੀ ਵਿਖੇ 20 ਮਈ ਨੂੰ ਹੋਵੇਗੀ ਸ਼ਾਮਲ"