ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ : ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਹਿਮਾਇਤੀ ਮੇਅਰ ਵਿਰੁਧ ਭੁਗਤਣਾ ਅਕਾਲੀ ਕੌਸਲਰਾਂ ਨੂੰ ਮਹਿੰਗਾ ਪੈਦਾ ਜਾਪ ਰਿਹਾ ਹੈ। ਬੀਤੇ ਕੱਲ ਮੇਅਰ ਰਮਨ ਗੋਇਲ ਵਿਰੁਧ ਲਿਆਂਦੇ ਬੇਭਰੋਸਗੀ ਦੇ ਮਤੇ ਉਪਰ ਅਕਾਲੀ ਹਾਈਕਮਾਂਡ ਦੇ ਆਦੇਸ਼ਾਂ ਦੇ ਉਲਟ ਵੋਟ ਪਾਉਣ ਵਾਲੇ ਇੰਨ੍ਹਾਂ ਕੌਸਲਰਾਂ ਨੂੰ ਹੁਣ ਅਕਾਲੀ ਦਲ ਵਲੋਂ ਪਾਰਟੀ ਵਿਚੋਂ ਕੱਢਣ ਦੀ ਤਿਆਰੀ ਕਰ ਲਈ ਗਈ ਹੈ। ਹਾਲਾਂਕਿ ਅੱਜ ਬਠਿੰਡਾ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਇੰਨ੍ਹਾਂ ਕੌਸਲਰਾਂ ਨਾਲ ਅਕਾਲੀ ਦਲ ਦਾ ਕੋਈ ਸਬੰਧ ਨਾ ਹੋਣ ਦਾ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਇੰਨ੍ਹਾਂ ਕੌਸਲਰਾਂ ਨੂੰ ਪਾਰਟੀ ਵਿਚੋਂ ਆਉਟ ਕਰ ਦਿੱਤਾ ਗਿਆ ਹੈ ਪ੍ਰੰਤੂ ਆਗੂਆਂ ਨੇ ਦਸਿਆ ਕਿ ਇਸ ਐਲਾਨ ਨੂੰ ਇੱਕ-ਦੋ ਦਿਨਾਂ ਵਿਚ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ ਕਿਉਂਕਿ ਜਿੱਥੇ ਹਰਪਾਲ ਸਿੰਘ ਢਿੱਲੋਂ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਤੇ ਮੱਖਣ ਸਿੰਘ ਐਸ.ਸੀ ਵਿੰਗ ਦੇ ਪ੍ਰਧਾਨ ਹੋਣ ਦੇ ਨਾਲ ਕੌਸਲਰ ਹਨ, ਉਥੇ ਦੂਜੇ ਦੋਨੋਂ ਮਹਿਲਾ ਕੌਸਲਰ ਕਮਲਜੀਤ ਕੌਰ ਤੇ ਗੁਰਦੇਵ ਕੌਰ ਸਿੰਦਾ ਵੀ ਪਾਰਟੀ ਟਿਕਟ ’ਤੇ ਕੌਸਲਰ ਚੁਣੀਆਂ ਗਈਆਂ ਹਨ, ਜਿਸਦੇ ਚੱਲਦੇ ਇੰਨ੍ਹਾਂ ਸਾਰਿਆਂ ਨੂੰ ਕੱਢਣ ਲਈ ਬਕਾਇਦਾ ਪ੍ਰਕ੍ਰਿਆ ਪੂਰੀ ਕਰਨੀ ਪਏਗੀ। ਸੂਤਰਾਂ ਮੁਤਾਬਕ ਇਸਦੇ ਲਈ ਭਲਕੇ ਜ਼ਿਲ੍ਹਾ ਪ੍ਰਧਾਨ ਨੂੰ ਪਿੰਡ ਬਾਦਲ ਸੱਦਿਆ ਗਿਆ ਹੈ।
ਬਠਿੰਡਾ ’ਚ ਕੌਂਸਲਰਾਂ ਨੇ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਿਆਂ, ਮੇਅਰ ਵਲੋਂ ਕੋਰਟ ’ਚ ਜਾਣ ਦਾ ਐਲਾਨ
ਸਿਆਸੀ ਮਾਹਰਾਂ ਮੁਤਾਬਕ ਜੇਕਰ ਸੁਖਬੀਰ ਬਾਦਲ ਦੇ ਕਹੇ ਅਨੁਸਾਰ ਇੰਨ੍ਹਾਂ ਕੌਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਇਸਨੂੰ ਬਠਿੰਡਾ ਸ਼ਹਿਰੀ ਹਲਕੇ ਲਈ ਵੱਡਾ ਸਿਆਸੀ ਘਾਟਾ ਮੰਨਿਆ ਜਾਵੇਗਾ , ਕਿਉਂਕਿ ਬਠਿੰਡਾ ’ਚ ਅਕਾਲੀ ਦਲ ਕੋਲ ਮਸਾਂ ਹੀ ਪੰਜ ਕੌਸਲਰ ਹਨ। ਇਸਤੋਂ ਇਲਾਵਾ ਬਾਦਲ ਪ੍ਰਵਾਰ ’ਚ ਵੱਖੋ-ਵੱਖਰੀਆਂ ਪਾਰਟੀਆਂ ਵਿਚ ਹੋਣ ਦੇ ਬਾਵਜੂਦ ‘ਰਲੇ-ਮਿਲੇ’ ਹੋਣ ਦੀ ਗੱਲ ਲੋਕ ਮਨਾਂ ਵਿਚ ਹੋਰ ਘਰ ਕਰ ਜਾਵੇਗੀ। ਦਸਣਾ ਬਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਲੋਂ ਸਾਲ 2011 ਵਿਚ ਆਪਣੇ ਸਿਆਸੀ ਰਾਸਤੇ ਅਲੱਗ-ਅਲੱਗ ਕਰਨ ਤੋਂ ਕੁੱਝ ਹੀ ਸਾਲਾਂ ਬਾਅਦ ਸਿਆਸੀ ਫ਼ਿਜਾਵਾਂ ’ਚ ਮੁੜ ਦੋਨਾਂ ਪ੍ਰਵਾਰਾਂ ’ਚ ਆਪਸੀ ਸਮਝ ਪੈਦਾ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।
ਨਸ਼ਿਆਂ ਦਾ ਲੱਕ ਤੋੜਨ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ
ਇਸਨੂੰ ਜਿਆਦਾ ਬਲ ਸਾਲ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਉਸ ਸਮੇਂ ਮਿਲਿਆ ਸੀ ਜਦ ਬਾਦਲ ਪ੍ਰਵਾਰ ਦੇ ਸਿਆਸੀ ਵਿਰੋਧੀ ਰਾਜਾ ਵੜਿੰਗ ਨੇ ਹਾਰਨ ਤੋਂ ਬਾਅਦ ਇਸ ਮੁੱਦੇ ਨੂੰ ਲੈ ਕੇ ਦੋਨਾਂ ਪ੍ਰਵਾਰਾਂ ਨੂੰ ‘ਛੱਜ’ ਵਿਚ ਪਾ ਕੇ ਛੰਡਣਾ ਸ਼ੁਰੂ ਕਰ ਦਿੱਤਾ ਸੀ। ਇਸਤੋਂ ਬਾਅਦ ਰਹਿੰਦੀ-ਖੁੰਹਦੀ ਕਸਰ ਸਾਲ 2022 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਰਹੇ ਸਰੂਪ ਚੰਦ ਸਿੰਗਲਾ ਨੇ ਕੱਢ ਦਿੱਤੀ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੇ ਇੱਕ-ਦੂਜੇ ਵਿਰੁਧ ਸਿਆਸੀ ਬਿਆਨ ਵੀ ਸਾਹਮਣੇ ਆਉਂਦੇ ਰਹੇ ਹਨ ਪ੍ਰੰਤੂ ਲੋਕਾਂ ਦੇ ਮਨਾਂ ’ਚ ਘਰ ਕਰ ਚੁੱਕੀ ਇਸ ਗੱਲ ਨੂੰ ਹੁਣ ਮੇਅਰ ਦੇ ਮੁੱਦੇ ਨੇ ਤੁਲ ਦੇਣੀ ਸ਼ੁਰੂ ਕਰ ਦਿੱਤੀ ਹੈ।
ਅਕਾਲੀ ਦਲ ਦੇ ਹਲਕਾ ਇੰਚਾਰਜ਼ ਦਾ ਦਾਅਵਾ: ਮੇਅਰ ਵਿਰੁਧ ਮਤੇ ’ਚ ਕਾਂਗਰਸ, ’ਆਪ’ ਅਤੇ ਭਾਜਪਾ ਇਕਜੁਟ
ਜੋ ਅੰਦਰਲੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਉਸਦੇ ਮੁਤਾਬਕ ਮੇਅਰ ਰਮਨ ਗੋਇਲ ਵਿਰੁਧ ਕਾਂਗਰਸ ਪਾਰਟੀ ਵਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਕੌਸਲਰਾਂ ਉਪਰ ਪੂਰਾ ਦਬਾਅ ਪਾਇਆ ਗਿਆ ਸੀ ਪ੍ਰੰਤੂ ਅਕਾਲੀ ਦਲ ਨਾਲ ਸਬੰਧਤ ਇੰਨ੍ਹਾਂ ਚਾਰਾਂ ਕੌਸਲਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਕੰਮ ਕਰਨ ਦਾ ਦਾਅਵਾ ਕਰਦਿਆਂ ਅਪਣਾ ਵੋਟ ਮੇਅਰ ਦੇ ਵਿਰੁਧ ਭੁਗਤਾ ਦਿੱਤਾ ਸੀ, ਜਿਸਦੇ ਨਾਲ ਮੇਅਰ ਨੂੰ ਗੱਦੀਓ ਉਤਰਨਾ ਪਿਆ। ਹਾਲਾਂਕਿ ਅਕਾਲੀ ਦਲ ਨਾਲ ਸਬੰਧਤ ਪੰਜਵੇਂ ਕੌਸਲਰ ਸ਼ੈਰੀ ਗੋਇਲ ਪਾਰਟੀ ਹਾਈਕਮਾਂਡ ਦਾ ਹੁਕਮ ਮੰਨਦਿਆਂ ਮੇਅਰ ਰਮਨ ਗੋਇਲ ਨਾਲ ਹੀ ਖੜਦੀ ਨਜ਼ਰ ਆਈ।
ਐਸ.ਜੀ.ਪੀ.ਸੀ. ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ ਵਿੱਚ 29 ਫਰਵਰੀ 2024 ਤੱਕ ਕੀਤਾ ਵਾਧਾ
ਮਨਪ੍ਰੀਤ ਧੜੇ ਵਲੋਂ ਵੀ ਬੀਤੇ ਕੱਲ ਹੋਏ ਘਟਨਾਕ੍ਰਮ ਲਈ ਇੰਨ੍ਹਾਂ ਕੌਸਲਰਾਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਦਸਣਾ ਬਣਦਾ ਹੈ ਕਿ ਬੇਸ਼ੱਕ ਮਨਪ੍ਰੀਤ ਖੇਮਾ ਇਸ ਨੂੰ ਸਵੀਕਾਰ ਕਰੇ ਜਾਂ ਨਾ ਕਰੇ ਪ੍ਰੰਤੂ ਮੇਅਰ ਦੇ ਮਸਲੇ ਨੇ ਉਨ੍ਹਾਂ ਦਾ ਸਾਲ 2022 ਵਿਚ ਵੱਡਾ ਨੁਕਸਾਨ ਕੀਤਾ ਸੀ ਅਤੇ ਇਸਦਾ ਮੁੱਢ ਮਾਰਚ 2021 ਵਿਚ ਮੇਅਰ ਦੇ ਅਹੁੱਦੇ ਲਈ ਹੋਈ ਚੋਣ ਸਮੇਂ ਹੀ ਬੱਝ ਗਿਆ ਸੀ ਜਦ ਸੀਨੀਅਰ ਕਾਂਗਰਸੀ ਕੌਸਲਰਾਂ ਨੂੰ ਅੱਖੋ-ਪਰੋਖੇ ਕਰਕੇ ਪਹਿਲੀ ਵਾਰ ਜਿੱਤੀ ਰਮਨ ਗੋਇਲ ਦੇ ਸਿਰ ਮੇਅਰ ਦਾ ਤਾਜ਼ ਸਜਾ ਦਿੱਤਾ ਸੀ। ਕਾਂਗਰਸੀਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਇਸ ਫੈਸਲੇ ਦਾ ਅੰਦਰੋ-ਅੰਦਰੀ ਬੁਰਾ ਮਨਾਇਆ ਸੀ ਤੇ ਇਸਦਾ ਨਤੀਜ਼ਾ ਇਹ ਨਿਕਲਿਆ ਕਿ ਜਗਰੂਪ ਸਿੰਘ ਗਿੱਲ ਜੋ ਸਿਰਫ਼ ਮੇਅਰ ਬਣ ਕੇ ਹੀ ਖ਼ੁਸ ਸੀ, ਲੋਕਾਂ ਨੇ ਮਨਪ੍ਰੀਤ ਬਾਦਲ ਨੂੰ 64 ਹਜ਼ਾਰ ਵੋਟਾਂ ਨਾਲ ਹਰਾ ਕੇ ਉਸਨੂੰ ਵਿਧਾਨ ਸਭਾ ਦੀਆਂ ਪੋੜੀਆਂ ਚੜਾ ਦਿੱਤਾ।
Share the post "ਮੇਅਰ ਵਿਰੁਧ ਭੁਗਤਣ ਵਾਲੇ ਅਕਾਲੀ ਕੌੌਸਲਰਾਂ ਨੂੰ ਸੁਖਬੀਰ ਬਾਦਲ ਵਲੋਂ ਪਾਰਟੀ ਵਿਚੋਂ ਕੱਢਣ ਦਾ ਐਲਾਨ"