ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਮਾਰਚ: ਬਠਿੰਡਾ ਜ਼ਿਲ੍ਹੇ ਦੀ ਨਥਾਣਾ ਪੁਲਿਸ ਨੇ ਮਾਲ ਵਿਭਾਗ ਦੇ ਇੱਕ ਸੇਵਾਮੁਕਤ ਪਟਵਾਰੀ ਸੇਵਕ ਸਿੰਘ ਵਿਰੁਧ ਤਿੰਨ ਦਹਾਕੇ ਪਹਿਲਾਂ ਮਰ ਚੁੱਕੇ ਇੱਕ ਵਿਅਕਤੀ ਦੀ ਜਮੀਨ ਦੀਆਂ ਗਿਰਦਾਵਰੀਆਂ ਕਿਸੇ ਹੋਰ ਵਿਅਕਤੀ ਦੇ ਨਾਂ ’ਤੇ ਚੜਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਕੋਲ ਪਿੰਡ ਪੂਹਲਾ ਦੇ ਜਸਵੰਤ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਸਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਮੁਖਤਿਆਰ ਸਿੰਘ ਪੁੱਤਰ ਗੁਰਮੁਖ ਸਿੰਘ ਦੀ ਮੌਤ 8 ਸਤੰਬਰ 1991 ਨੂੰ ਹੋ ਗਈ ਸੀ। ਪ੍ਰੰਤੂ ਪਟਵਾਰੀ ਸੇਵਕ ਸਿੰਘ ਨੇ ਇਸ ਪਿੰਡ ’ਚ ਅਪਣੀ ਤੈਨਾਤੀ ਦੌਰਾਨ 8 ਅਕਤੂਬਰ 2011 ਪਿੰਡ ਪੂਹਲਾ ਦੇ ਹੀ ਅਵਤਾਰ ਸਿੰਘ ਪੁੱਤਰ ਸ਼ੇਰ ਸਿੰਘ ਨਾਲ ਮਿਲਕੇ ਮੁਖਤਿਆਰ ਸਿੰਘ ਦੀ ਜਮੀਨ ਦੀ ਗਿਰਦਾਵਰੀ ਅਵਤਾਰ ਸਿੰਘ ਦੇ ਨਾਮ ਕਰ ਦਿੱਤੀ। ਜਦੋਂਕਿ ਕਾਨੂੰਨੀ ਤੌਰ ’ਤੇ ਅਜਿਹਾ ਹੋ ਨਹੀਂ ਸਕਦਾ ਸੀ। ਜਦ ਉਸਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਇਸਦੀ ਸਿਕਾਇਤ ਪੁਲਿਸ ਵਿਭਾਗ ਕੋਲ ਕੀਤੀ। ਪੁਲਿਸ ਨੇ ਸਿਕਾਇਤ ਦੀ ਪੜਤਾਲ ਤੋਂ ਬਾਅਦ ਹੁਣ ਸੇਵਾਮੁਕਤ ਹੋ ਚੁੱਕੇ ਸੇਵਕ ਸਿੰਘ ਪਟਵਾਰੀ ਅਤੇ ਅਵਤਾਰ ਸਿੰਘ ਵਿਰੁਧ ਧਾਰਾ 465,467,468,471 ਅਤੇ 120 ਬੀ ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਾਬੁੂ ਕਰ ਲਿਆ ਜਾਵੇਗਾ।
Share the post "ਮ੍ਰਿਤਕ ਵਿਅਕਤੀ ਦੀ ਜਮੀਨ ਦੀ ਗਿਰਦਾਵਰੀ ਕਿਸੇ ਹੋਰ ਦੇ ਨਾਂ ’ਤੇ ਚੜਾਉਣ ਵਾਲੇ ਪਟਵਾਰੀ ਵਿਰੁਧ ਪਰਚਾ ਦਰਜ਼"