ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਵਿੱਚ ਅਗਨੀਪੱਥ ਸਕੀਮ ਲਿਆਉਣ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਜ਼ਿਲ੍ਹਾ ਬਠਿੰਡਾ ਵੱਲੋਂ ਮਿੰਨੀ ਸਕੱਤਰੇਤ ਅੱਗੇ ਵਿਸ਼ਾਲ ਕਾਨਫਰੰਸ ਕਰ ਕੇ ਡਿਪਟੀ ਕਮਿਸਨਰ ਨੂੰ ਰਾਸਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ,ਔਰਤਾਂ ਅਤੇ ਨੌਜਵਾਨ ਸਾਮਲ ਹੋਏ । ਅੱਜ ਦੇ ਇਕੱਠ ਵਿਚ ਸੈਨਿਕ ਏਕਤਾ ਵੈੱਲਫੇਅਰ ਸੁਸਾਇਟੀ ਵਲੋਂ ਸਾਬਕਾ ਸੈਨਿਕ ਇਕ ਵੱਡੇ ਜਥੇ ਦੇ ਰੂਪ ਚ ਸ਼ਾਮਲ ਹੋਏ । ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਸਕੀਮ ਤਹਿਤ ਫੌਜ ਵਿਚ ਸਿਰਫ ਚਾਰ ਸਾਲ ਹੀ ਭਰਤੀ ਕਰਨ ਨਾਲ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ। ਇਸ ਸਕੀਮ ਤਹਿਤ ਭਰਤੀ ਹੋਣ ਨਾਲ ਨੌਜਵਾਨਾਂ ਨੂੰ ਨਾ ਕੋਈ ਪੈਨਸ਼ਨ ਤੇ ਨਾ ਕੋਈ ਹੋਰ ਸਹੂਲਤ ਮਿਲਣੀ ਹੈ ਜਿਸ ਕਾਰਨ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਖੜ੍ਹਾ ਹੋ ਸਕਦਾ ਹੈ । ਇਸ ਮੌਕੇ ਰਾਸਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਅਗਨੀਪਥ ਸਕੀਮ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਇਸ ਸਕੀਮ ਤਹਿਤ ਭਰਤੀ ਦਾ ਨੋਟੀਫਿਕੇਸਨ ਵਾਪਸ ਲਿਆ ਜਾਵੇ , ਜਿੱਥੇ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਸੁਰੂ ਹੋ ਚੁੱਕੀ ਸੀ, ਇਸ ਨੂੰ ਪੂਰਾ ਕੀਤਾ ਜਾਵੇ ਅਤੇ ਪਿਛਲੇ ਦੋ ਸਾਲਾਂ ਤੋਂ ਭਰਤੀ ਨਾ ਹੋਣ ਦੇ ਬਦਲੇ ਆਮ ਭਰਤੀ ਲਈ ਨੌਜਵਾਨਾਂ ਨੂੰ ਉਮਰ ਵਿੱਚ 2 ਸਾਲ ਦੀ ਛੋਟ ਦਿੱਤੀ ਜਾਵੇ, ਅਗਨੀਪਥ ਵਿਰੋਧੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਨੌਜਵਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲਏ ਜਾਣ ਅਤੇ ਅੰਦੋਲਨਕਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਵਰਗੀਆਂ ਸ਼ਰਤਾਂ ਹਟਾਈਆਂ ਜਾਣ । ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਸਮੇਤ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨ ਅਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕਰਨ ਅਤੇ ਅੰਦੋਲਨ ਦੇ ਸਹੀਦ ਪ੍ਰਵਾਰਾਂ ਨੂੰ 5 ਲੱਖ ਮੁਆਵਜਾ,, ਆਦਿ ਮੰਗਾਂ ਨੂੰ ਪੂਰਾ ਕਰਾਉਣ ਲਈ ਦਿੱਤੇ 75 ਘੰਟਿਆਂ ਦੇ ਧਰਨੇ ਦੇ ਸੱਦੇ ਤਹਿਤ ਜ਼ਿਲ੍ਹੇ ਵਿਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ 17 ਅਗਸਤ ਨੂੰ ਬੱਸਾਂ ਰਾਹੀਂ ਲਖੀਮਪੁਰ ਨੂੰ ਰਵਾਨਾ ਹੋਣਗੇ । ਇਸਤੋਂ ਇਲਾਵਾ ਇੱਕ ਵੱਖਰਾ ਮੰਗ ਪੱਤਰ ਭੇਜ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਰਮੇ ਦੀ ਫਸਲ ਤੇ ਹੋ ਰਹੇ ਚਿੱਟੀ ਮੱਖੀ, ਗੁਲਾਬੀ ਸੁੰਡੀ ਤੇ ਹੋਰ ਹਮਲੇ ਨੂੰ ਰੋਕਣ ਲਈ ਵਧੀਆ ਸਪਰੇਹਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਰਾਬ ਹੋਏ ਨਰਮੇ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਪਸੂਆਂ ਚ ਆਈ ਲੰਪੀ ਸਕਿਨ ਦੀ ਬਿਮਾਰੀ ਦਾ ਫਰੀ ਇਲਾਜ ਕੀਤਾ ਜਾਵੇ ,ਇਸ ਬਿਮਾਰੀ ਕਾਰਨ ਨੁਕਸਾਨੇ ਗਏ ਪਸ਼ੂਆਂ ਦਾ ਪਸ਼ੂ ਪਾਲਕਾਂ ਨੂੰ ਮੁਆਵਜਾ ਦਿੱਤਾ ਜਾਵੇ ,ਵਾਤਾਵਰਣ ਪ੍ਰਦੂਸ਼ਿਤ ਕਰ ਰਹੇ ਅਤੇ ਬਿਮਾਰੀਆਂ ਫੈਲਾ ਰਹੇ ਬਿਮਾਰੀ ਕਾਰਨ ਸੜਕਾਂ ਤੇ ਮਰੇ ਪਏ ਪਸ਼ੂਆਂ ਨੂੰ ਚੁੱਕ ਕੇ ਦਫ਼ਨਾਇਆ ਜਾਵੇ ।ਅੱਜ ਦੇ ਧਰਨੇ ਨੂੰ ਬਸੰਤ ਸਿੰਘ ਕੋਠਾਗੁਰੂ ,ਮਾਲਣ ਕੌਰ ਕੋਠਾਗੁਰੂ ਹਰਪ੍ਰੀਤ ਕੌਰ ਜੇਠੂਕੇ ਕਰਮਜੀਤ ਕੌਰ ਲਹਿਰਾਖਾਨਾ ਰਾਜਵਿੰਦਰ ਸਿੰਘ ਰਾਮਨਗਰ ਜਸਪਾਲ ਸਿੰਘ ਕੋਠਾਗੁਰੂ ਬਲਦੇਵ ਸਿੰਘ ਚੌਂਕੇ ਗੁਰਪਾਲ ਸਿੰਘ ਦਿਓਣ ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ ਅਤੇ ਸਾਬਕਾ ਸੈਨਿਕ ਏਕਤਾ ਸੁਸਾਇਟੀ ਵਿੱਚ ਬਠਿੰਡਾ ਜਿਲ੍ਹੇ ਦੇ ਜਨਰਲ ਸਕੱਤਰ ਦਰਸਨ ਸਿੰਘ ਅਤੇ ਮੁਕਤਸਰ ਸਾਹਿਬ ਦੇ ਆਗੂ ਅਵਤਾਰ ਸਿੰਘ ਫਕਰਸਰ ਨੇ ਵੀ ਸੰਬੋਧਨ ਕੀਤਾ।
ਅਗਨੀਪੱਥ ਸਕੀਮ ਦੇ ਵਿਰੁਧ ਕਿਸਾਨ ਜਥੇਬੰਦੀ ਨੇ ਖੋਲਿਆ ਮੋਰਚਾ, ਕੀਤੀ ਕਾਨਫਰੰਸ
8 Views