ਸੁਖਜਿੰਦਰ ਮਾਨ
ਬਠਿੰਡਾ,5 ਨਵੰਬਰ : ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫੀ ਵਿਸ਼ੇ ਦੇ ਲੈਕਚਰਾਰਾਂ ਦੀ ਘਾਟ, ਭੂਗੋਲ (ਜੌਗਰਫੀ) ਪ੍ਰਯੋਗਸ਼ਾਲਾਵਾਂ ਦਾ ਨਾ ਹੋਣਾ, ਹੋਰਨਾਂ ਵਿਸ਼ਿਆਂ ਦੇ ਮੁਕਾਬਲੇ ਇਸ ਵਿਸ਼ੇ ਦੇ ਅਧਿਆਪਕਾਂ ਦੀਆਂ ਪਦਉੱਨਤੀਆਂ ਨਾ ਕਰਨ ਅਤੇ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਸਕੂਲਾਂ ਵਿੱਚ ਜੌਗਰਫੀ ਲੈਕਚਰਾਰਾਂ ਦੀ ਆਸਾਮੀਆਂ ਦੇਣ ਦੇ ਮੁੱਦੇ ਨੂੰ ਲੈ ਕੇ ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਿਆ। ਜਥੈਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮੌਜੂਦਾ ਸਮੇਂ ਜੌਗਰਫੀ ਵਿਸ਼ੇ ਦੀਆਂ ਕੁੱਲ ਮੰਨਜੂਰਸ਼ੁਦਾ 357 ਆਸਾਮੀਆਂ ਵਿੱਚੋਂ 170 ਖਾਲੀ ਹਨ। ਜਿੰਨ੍ਹਾਂ ਉੱਪਰ ਪਿਛਲੇ ਸਮੇਂ ਬਾਕੀ ਵਿਸ਼ਿਆਂ ਦੀ ਤੁਲਨਾ ਵਿੱਚ ਪਦਉੱਨਤੀਆਂ ਨਹੀਂ ਕੀਤੀਆਂ ਗਈਆਂ। ਇਸ ਦੌਰਾਨ ਵਫਦ ਵਲੋਂ ਡੀਜੀਅੇਸਈ ਪ੍ਰਦੀਪ ਅਗਰਵਾਲ ਨਾਲ ਵੀ ਮੁਲਾਕਾਤ ਕੀਤੀ ਜਿੰਨਾਂ ਨੇ ਤੁਰੰਤ ਡੀ.ਪੀ.ਆਈ ਸੁਖਜੀਤਪਾਲ ਸਿੰਘ ਨੂੰ ਫੋਨ ਕਰਕੇ ਆਸਾਮੀਆਂ ਦੀ ਘਾਟ ਨੂੰ ਪੂਰਾ ਕਰਨ ਬਾਰੇ ਕਿਹਾ। ਜਿਸਤੋਂ ਬਾਅਦ ਵਿੱਚ ਵਫ਼ਦ ਨੇ ਡੀ.ਪੀ.ਆਈ ਨਾਲ ਵੀ ਮੁਲਾਕਾਤ ਕਰਕੇ ਵੇਰਵੇ ਸਹਿਤ ਮੰਗਾਂ ਵਿਚਾਰੀਆਂ ਜਿਸ ’ਤੇ ਡੀ.ਪੀ.ਆਈ ਨੇ ਜਲਦੀ ਪਦਉੱਨਤੀਆਂ ਕਰਨ ਦਾ ਭਰੋਸਾ ਦਿਵਾਇਆ। ਵਫ਼ਦ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਸ਼ੰਕਰ ਲਾਲ ਬਠਿੰਡਾ, ਹਰਜੋਤ ਸਿੰਘ ਬਰਾੜ ਫ਼ਰੀਦਕੋਟ, ਗੁਰਵਿੰਦਰ ਸਿੰਘ ਸ਼੍ਰੀ ਫ਼ਤਿਹਗੜ੍ਹ ਸਾਹਿਬ, ਤੇਜਵੀਰ ਸਿੰਘ ਜਲਾਲਾਬਾਦ ਫਾਜ਼ਿਲਕਾ, ਅਵਤਾਰ ਸਿੰਘ ਸੰਗਰੂਰ, ਸਰਬਜੀਤ ਸਿੰਘ ਮੁਹਾਲੀ, ਮਨਦੀਪ ਸਿੰਘ ਲੁਧਿਆਣਾ, ਭਰਪੂਰ ਸਿੰਘ ਪਟਿਆਲਾ, ਸੁਰਿੰਦਰ ਕੁਮਾਰ ਜਲੰਧਰ ਅਤੇ ਗੁਰਵਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਵੀ ਸ਼ਾਮਿਲ ਸਨ।