ਸੁਖਜਿੰਦਰ ਮਾਨ
ਬਠਿੰਡਾ, 2 ਮਈ : ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਅੱਜ ਬਲਾਕ ਬਠਿੰਡਾ ਵੱਲੋਂ ਸੀ ਡੀ ਪੀ ੳ ਦਫਤਰ ਵਿਖੇ ਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਨ ਲਈ ਪਹਿਲਾਂ ਇੱਕ ਭਰਵੀਂ ਮੀਟਿੰਗ ਕੀਤੀ ਗਈ ਤੇ ਫੇਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਤੇ ਵਿਭਾਗ ਦੇ ਡਾਇਰੈਕਟਰ ਦੇ ਨਾਮ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਬੋਲਦਿਆਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੂਬੇ ਅੰਦਰ ਖਾਲੀ ਪਈਆਂ ਹਜਾਰਾਂ ਅਸਾਮੀਆਂ ਦੀ ਭਰਤੀ ਨਾ ਕੀਤੀ ਗਈ ਤੇ ਜਥੇਬੰਦੀ ਦੀਆਂ ਹੋਰ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਜਦੋਂ ਤੱਕ ਇਹ ਲਾਗੂ ਨਹੀਂ ਹੁੰਦਾ ਉਦੋਂ ਤੱਕ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ 4 ਸਾਲਾਂ ਤੋਂ ਖਾਲੀ ਪਈਆਂ ਹਜਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਭਰਤੀ ਦੇ ਨਿਯਮਾਂ ਵਿੱਚ ਪਿਛਲੀ ਸਰਕਾਰ ਵੱਲੋਂ ਕੁੱਝ ਤਰੁੱਟੀਆਂ ਕੀਤੀਆਂ ਗਈਆਂ ਸਨ ਉਹਨਾਂ ਨੂੰ ਠੀਕ ਕੀਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਕਰੈਚ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਸਾਲਾਂ ਦਾ ਮਾਣ ਭੱਤਾ ਦਿੱਤਾ ਜਾਵੇ । ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ ਕੀਤੇ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਦਾ ਰਾਸਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸਿਸ ਕੀਤੀ ਜਾ ਰਹੀ ਹੈ । ਜਿਸ ਤੇ ਤੁਰੰਤ ਰੋਕ ਲਗਾਈ ਜਾਵੇ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ । ਹਜਾਰਾਂ ਆਂਗਣਵਾੜੀ ਸੈਂਟਰਾਂ ਵਿੱਚ ਮੁੱਢਲੀਆਂ ਲੋੜੀਂਦੀਆਂ ਚੀਜਾਂ ਜਿਵੇਂ ਗੈਸ ਸਿਲੰਡਰ , ਬਰਤਨ , ਦਰੀਆਂ , ਫਰਨੀਚਰ , ਕੰਨਟੇਨਰ ਆਦਿ ਨਹੀਂ ਹਨ , ਇਹਨਾਂ ਚੀਜਾਂ ਨੂੰ ਮੁਹੱਈਆ ਕਰਵਾਇਆ ਜਾਵੇ । ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰ ਅਤੇ ਹੋਰ ਲੋੜੀਂਦੇ ਕਾਗਜ ਪੱਤਰ ਦਿੱਤੇ ਜਾਣ । ਵਾਧੂ ਚਾਰਜ ਦਾ ਕੰਮ ਕਰਦੀ ਵਰਕਰ ਨੂੰ ਮਹੀਨੇ ਦੇ ਘੱਟੋ ਘੱਟ ਪੰਜ ਹਜਾਰ ਰੁਪਏ ਦਿੱਤੇ ਜਾਣ । ਆਂਗਣਵਾੜੀ ਸੈਂਟਰਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਕੀਤੀਆਂ ਜਾਣ । ਇਸ ਮੌਕੇ ਅੰਮਿ੍ਰਤ ਪਾਲ ਕੌਰ ਬੱਲੂਆਣਾ , ਸੋਮਾ ਰਾਣੀ ਬਠਿੰਡਾ , ਮਨਪ੍ਰੀਤ ਕੌਰ ਸਿਵੀਆ , ਰਾਜਵਿੰਦਰ ਕੌਰ ਬੁਲਾਡੇ ਵਾਲਾ , ਰੁਪਿੰਦਰ ਕੌਰ , ਗੁਰਚਰਨ ਕੌਰ , ਗੁਰਜੀਤ ਕੌਰ , ਨਵਜੋਤ ਕੌਰ , ਸੁਖਜੀਤ ਕੌਰ , ਪਰਮਰਾਜ ਕੌਰ ਬਠਿੰਡਾ , ਰਣਜੀਤ ਕੌਰ ਬੀੜ ਤਲਾਅ , ਕੁਲਦੀਪ ਕੌਰ ਝੁੰਬਾ , ਰਜਵੰਤ ਕੌਰ ਨਾਥੇਆਣਾ , ਕਾਜਲ , ਸੁਮਨ ਤੇ ਹੋਰ ਆਗੂ ਹਾਜਰ ਸਨ ।
Share the post "ਆਂਗਣਵਾੜੀ ਯੂਨੀਅਨ ਨੇ ਮੰਗਾਂ ਸਬੰਧੀ ਮੰਤਰੀ ਤੇ ਡਾਇਰੈਕਟਰ ਨੂੰ ਭੇਜੇ ਮੰਗ ਪੱਤਰ"