ਸੁਖਜਿੰਦਰ ਮਾਨ
ਬਠਿੰਡਾ, 07 ਮਾਰਚ: ਆੜ੍ਹਤੀਏ ਤੇ ਉਸਦੇ ਦੋਸਤ ਤੋਂ ਤੰਗ ਆ ਕੇ ਇੱਕ ਕਿਸਾਨ ਵਲੋਂ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਦੁੱਖ ਦੱਸਣ ਤੋਂ ਬਾਅਦ ਆਤਮਹੱਤਿਆ ਵਰਗਾ ਦੁੱਖਦਾਈਕ ਕਦਮ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਕਿਸਾਨ ਦੀ ਪਹਿਚਾਣ ਹਰਚਰਨ ਸਿੰਘ ਉਰਫ ਕਾਲਾ ਪੁੱਤਰ ਜਗਜੀਤ ਸਿੰਘ ਵਾਸੀ ਪੂਹਲਾ ਵਜੋਂ ਹੋਈ ਹੈ। ਮਿ੍ਰਤਕ ਕਿਸਾਨ ਅਪਣੇ ਪਿੱਛੇ ਪਤਨੀ ਤੇ ਛੋਟੇ-ਛੋਟੇ ਪੁੱਤਰ ਤੇ ਧੀਅ ਛੱਡ ਗਿਆ ਹੈ। ਇਸ ਮਾਮਲੇ ਵਿਚ ਥਾਣਾ ਨਥਾਣਾ ਦੀ ਪੁਲਿਸ ਨੇ ਮਿ੍ਰਤਕ ਕਿਸਾਨ ਦੀ ਪਤਨੀ ਦੀ ਸਿਕਾਇਤ ਉਪਰ ਪਿੰਡ ਦੇ ਹੀ ਦੋ ਵਿਅਕਤੀਆਂ ਬਲਜਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਵਿਰੁਧ ਧਾਰਾ 306 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰਨਾ ਬਾਕੀ ਹੈ। ਦਸਣਾ ਬਣਦਾ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਕਿਸਾਨ ਨੇ ਆੜ੍ਹਤੀਏ ਬਲਜਿੰਦਰ ਸਿੰਘ ਉਪਰ ਅਪਣੇ ਸਾਥੀ ਯਾਦਵਿੰਦਰ ਸਿੰਘ ਨਾਲ ਮਿਲਕੇ ਚਾਲੀ ਲੱਖ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਸਨ। ਇਸ ਦੌਰਾਨ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿ੍ਰਤਕ ਕਿਸਾਨ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਕਰੀਬ 35-40 ਏਕੜ ਜਮੀਨ ਦੀ ਖੇਤੀ ਕਰਦਿਆਂ ਸੀ ਤੇ ਆਮ ਕਿਸਾਨਾਂ ਵਾਂਗ ਅਪਣੀ ਹਰ ਸਾਲ ਦੀ ਬੱਚਤ ਆੜਤੀਏ ਕੋਲ ਹੀ ਰੱਖ ਦਿੱਤਾ ਸੀ। ਪ੍ਰੰਤੂ ਹੁਣ ਆੜਤੀਏ ਦੀ ਨੀਅਤ ਵਿਚ ਖੋਟ ਆ ਗਈ ਸੀ ਤੇ ਉਸਨੇ ਉਸਦੇ ਪਤੀ ਤੋਂ ਖ਼ਾਲੀ ਚੈੱਕ ਲੈ ਲਏ ਸਨ। ਜਿਸਦੇ ਆਧਾਰ ’ਤੇ ਉਸਦੇ ਪਤੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸਤੋਂ ਇਲਾਵਾ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਜਿਸ ਤੋਂ ਦੁਖੀ ਹੋ ਕੇ ਉਸਦੇ ਪਤੀ ਨੇ ਅੱਜ ਸਵੇਰੇ ਰੱਸੇ ਨਾਲ ਲਮਕ ਕੇ ਫਾਹਾ ਲੈ ਲਿਆ। ਹਰਪ੍ਰੀਤ ਕੌਰ ਨੇ ਕਥਿਤ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਦੇ ਨਾਲ-ਨਾਲ ਆੜਤੀਏ ਤੇ ਉਸਦੇ ਸਾਥੀ ਕੋਲ ਰੱਖੇ ਹੋਏ 40 ਲੱਖ ਰੁਪਏ ਵੀ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।
Share the post "ਆੜਤੀਏ ਤੋਂ ਤੰਗ ਆ ਕੇ ਕਿਸਾਨ ਨੇ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਕੀਤੀ ਆਤਮਹੱਤਿਆ"