ਬਾਰਡਰ ਅਤੇ ਪਛੜੇ ਖੇਤਰ ਚ ਸਪੈਸ਼ਲ ਸੁਵਿਧਾਵਾਂ ਕਰਵਾਈਆਂ ਜਾਣਗੀਆਂ ਮੁਹੱਈਆ
ਉਦਯੋਗਿਕ ਇਕਾਈਆਂ ਨੂੰ ਹੁਲਾਰਾ ਦੇਣ ਲਈ 8 ਜ਼ਿਲ੍ਹਿਆਂ ਦੇ ਉਦਯੋਗਪਤੀਆਂ ਨਾਲ ਕੀਤੀ ਬੈਠਕ
ਸੁਖਜਿੰਦਰ ਮਾਨ
ਬਠਿੰਡਾ, 7 ਜੁਲਾਈ: ਉਦਯੋਗ ਅਤੇ ਕਮਰਸ ਦੇ ਸੈਕਟਰੀ-ਕਮ-ਡਾਇਰੈਕਟਰ ਸ਼੍ਰੀ ਸਿੰਬਨ ਸੀ ਨੇ ਸਰਕਾਰ ਵਲੋਂ ਉਦਯੋਗਿਕ ਇਕਾਈਆਂ ਨੂੰ ਹੁਲਾਰਾ ਦੇਣ ਦੇ ਮੱਦੇਨਜ਼ਰ 8 ਜ਼ਿਲ੍ਹਿਆਂ ਦੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੁਝਾਵਾਂ ਨੂੰ ਜਿੱਥੇ ਪਹਿਲ ਦੇ ਆਧਾਰ ਤੇ ਨਵੀਂ ਪਾਲਿਸੀ ਵਿੱਚ ਸ਼ਾਮਲ ਕੀਤਾ ਜਾਵੇਗਾ ਉੱਥੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਵੀ ਢੁੱਕਵਾਂ ਹੱਲ ਕੀਤਾ ਜਾਵੇਗਾ। ਸਥਾਨਕ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਸਰਕਾਰ ਦੀ ਉਦਯੋਗ ਪ੍ਰਤੀ ਬਣਾਈ ਜਾ ਰਹੀ ਨਵੀਂ ਪਾਲਿਸੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਸੁਝਾਅ ਲਏ ਜਾ ਰਹੇ ਹਨ। ਉਨ੍ਹਾਂ ਉਦਯੋਗਪਤੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਨਵੀਂ ਪਾਲਿਸੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਉਦਯੋਗਪਤੀਆਂ ਵਲੋਂ ਦਿੱਤੇ ਗਏ ਸੁਝਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਰਡਰ ਅਤੇ ਪਛੜੇ ਖੇਤਰ ਨੂੰ ਸਪੈਸ਼ਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਉਦਯੋਗ ਅਤੇ ਕਮਰਸ ਦੇ ਸੈਕਟਰੀ-ਕਮ-ਡਾਇਰੈਕਟਰ ਸ਼੍ਰੀ ਸਿੰਬਨ ਸੀ ਅਤੇ ਉਦਯੋਗਪਤੀਆਂ ਨੂੰ ਜੀ ਆਇਆ ਕਹਿੰਦਿਆਂ ਸਰਕਾਰ ਵਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਉਦਯੋਗਪਤੀਆਂ ਦੇ ਸੁਝਾਵਾਂ ਨਾਲ ਬਣਾਈ ਜਾ ਰਹੀ ਨਵੀਂ ਪਾਲਿਸੀ ਨੂੰ ਲੋਕ ਪੱਖੀ ਦੱਸਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਪੁਰਾਣੇ ਉਦਯੋਗ ਚ ਦਰਪੇਸ਼ ਆ ਰਹੀਆਂ ਸਮੱਸਿਆਵਾ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਅਤੇ ਨਵੇਂ ਉਦਯੋਗ ਲਈ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਬਠਿੰਡਾ ਤੋਂ ਇਲਾਵਾ ਮਾਨਸਾ, ਸੰਗਰੂਰ, ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਤੋਂ ਪਹੁੰਚੇ ਵੱਖ-ਵੱਖ ਉਦਯੋਗਾਂ ਨਾਲ ਸਬੰਧਤ ਉਦਯੋਗਪਤੀਆਂ ਵਲੋਂ ਜਿਥੇ ਉਨ੍ਹਾਂ ਵਲੋਂ ਪਹਿਲਾਂ ਚਲਾਏ ਜਾ ਰਹੇ ਉਦਯੋਗਾਂ ਦੌਰਾਨ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਾਂਝੀਆਂ ਕੀਤੀ ਉੱਥੇ ਉਨ੍ਹਾਂ ਉਦਯੋਗ ਨੂੰ ਹੁਲਾਰਾ ਦੇਣ ਲਈ ਸਰਕਾਰ ਵਲੋਂ ਬਣਾਈ ਜਾ ਰਹੀ ਨਵੀਂ ਪਾਲਿਸੀ ਵਿੱਚ ਆਪਣੇ ਵਡਮੁੱਲੇ ਸੁਝਾਅ ਸਾਂਝੇ ਕੀਤੇ। ਇਸ ਦੌਰਾਨ ਜ਼ਿਆਦਾਤਰ ਉਦਯੋਗਪਤੀਆਂ ਵਲੋਂ ਨਵੀਂ ਪਾਲਿਸੀ ਦੀ ਸ਼ਲਾਘਾ ਕਰਦਿਆਂ ਨਵੇਂ ਲਗਾਏ ਜਾਣ ਵਾਲੇ ਉਦਯੋਗ ਸਬੰਧੀ ਜਿੱਥੇ ਆਪਣੇ ਵਡਮੁੱਲੇ ਸੁਝਾਅ ਸਾਂਝੇ ਕੀਤੇ ਗਏ ਉੱਥੇ ਉਨ੍ਹਾਂ ਪੁਰਾਣੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਕੋਲੋਂ ਸਹਿਯੋਗ ਦੀ ਮੰਗ ਕੀਤੀ ਗਈ। ਇਸ ਦੌਰਾਨ ਉਦਯੋਗਪਤੀਆਂ ਵਲੋਂ ਉਦਯੋਗ ਅਤੇ ਕਮਰਸ ਦੇ ਸੈਕਟਰੀ-ਕਮ-ਡਾਇਰੈਕਟਰ ਸ਼੍ਰੀ ਸਿੰਬਨ ਸੀ ਨੂੰ ਆਪੋਂ-ਆਪਣੇ ਉਦਯੋਗ ਨਾਲ ਸਬੰਧਤ ਸੁਝਾਵਾਂ ਅਤੇ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਸੌਂਪੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ, ਉਦਯੋਗ ਤੇ ਕਮਰਸ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਵਿਸ਼ਵ ਬੰਧੂ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਜੀਪੀਐਸ ਬਰਾੜ, ਜ਼ਿਲ੍ਹਾ ਉਦਯੋਗ ਦੇ ਜਨਰਲ ਮੈਨੇਜ਼ਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ, ਪ੍ਰਧਾਨ ਬਠਿੰਡਾ ਚੈਂਬਰ ਆਫ਼ ਕਾਮਰਸ ਰਾਮ ਪ੍ਰਕਾਸ਼ ਤੋਂ ਇਲਾਵਾ ਵੱਖ-ਵੱਖ ਉਦਯੋਗ ਇਕਾਈਆਂ ਨਾਲ ਸਬੰਧਤ ਉਦਯੋਗਪਤੀ ਹਾਜ਼ਰ ਸਨ।
Share the post "ਉਦਯੋਗਪਤੀਆਂ ਦੇ ਸੁਝਾਵਾਂ ਨੂੰ ਨਵੀਂ ਪਾਲਿਸੀ ਵਿੱਚ ਸ਼ਾਮਲ ਕਰਕੇ ਉਦਯੋਗ ਨੂੰ ਕੀਤਾ ਜਾਵੇਗਾ ਪ੍ਰਫੁੱਲਿਤ : ਸਿੰਬਨ ਸੀ"