ਸੁਰੱਖਿਆ ਮੁਲਾਜਮਾਂ ਦੀ ਸਖ਼ਤੀ ਨੇ ਵੀ ਮਰੀਜ਼ਾਂ ਨੂੰ ਕੀਤਾ ਹੋਰ ਪ੍ਰੇਸਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਮਈ : ਰਿਕਾਰਡਤੋੜ ਸਮੇਂ ’ਚ ਬਣ ਕੇ ਦੱਖਣੀ ਮਾਲਵਾ ਦੇ ਨਾਲ-ਨਾਲ ਰਾਜਸਥਾਨ ਤੇ ਹਰਿਆਣਾ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ) ਦੇ ਸਰਵਰ ਵਿਚ ਅੱਜ ਵੱਡੀ ਤਕਨੀਕੀ ਸਮੱਸਿਆ ਆਊਣ ਕਾਰਨ ਮਰੀਜ਼ਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਹੀਂ ਨਹੀਂ ਉੱਤੋਂ ਅੱਤ ਦੀ ਪੈ ਰਹੀ ਗਰਮੀ ਤੇ ਏਮਜ਼ ’ਚ ਤੈਨਾਤ ਸੁਰੱਖਿਆ ਮੁਲਾਜਮਾਂ ਦੀ ਸਖ਼ਤੀ ਨੇ ਉਨ੍ਹਾਂ ਲਈ ਹੋਰ ਪ੍ਰੇਸ਼ਾਨੀ ਦਾ ਕਾਰਨ ਬਣਿਆ। ਸੂਚਨਾ ਮੁਤਾਬਕ ਇੱਥੇ ਸਸਤਾ ਇਲਾਜ ਹੋਣ ਕਾਰਨ ਦੂਰ ਦੂਰਾਡੇ ਤੋਂ ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਵਿਚ ਮਰੀਜ਼ ਪੁੱਜਦੇ ਹਨ। ਗਰਮੀਆਂ ਦੇ ਮੌਸਮ ਵਿਚ ਪਰਚੀ ਦਾ ਸਮਾਂ ਸਵੇਰੇ 8 ਵਜੇਂ ਤੋਂ 11 ਵਜੇਂ ਤੱਕ ਦਾ ਹੈ। ਜਿਸਦੇ ਚੱਲਦੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਵੇਰੇ ਕਰੀਬ 6 ਵਜੇਂ ਹੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਤਾਂ ਕਿ ਪਹਿਲਾਂ ਲਾਈਨ ਵਿਚ ਲੱਗ ਕੇ ਪਰਚੀ ਕਟਵਾਈ ਜਾ ਸਕੇ ਜਾਂ ਫ਼ਿਰ ਟੈਸਟਾਂ ਦੀ ਫ਼ੀਸ ਭਰ ਕੇ ਟੈਸਟ ਕਰਵਾਏ ਜਾ ਸਕਣੇ। ਸੂਚਨਾ ਮੁਤਾਬਕ ਅੱਜ ਸਰਵਰ ਡਾਊਨ ਹੋਣ ਕਾਰਨ ਪਰਚੀਆਂ ਕੱਟਣ ਜਾਂ ਫ਼ੀਸਾਂ ਭਰਾਉਣ ਦਾ ਕੰਮ ਸ਼ੁਰੂ ਨਾ ਹੋ ਸਕਿਆ, ਜਿਸ ਕਾਰਨ ਰਜਿਸਟਰੇਸਨ ਖਿੜਕੀਆਂ ਤੋਂ ਲੈ ਕੇ ਏਮਜ਼ ਦੇ ਅੰਦਰਲੇ ਗੇਟਾਂ ਤੱਕ ਲੰਮੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਦ ਡੇਢ ਦੋ ਘੰਟੇ ਤੱਕ ਵੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਮਰੀਜ਼ਾਂ ਤੇ ਉਸਦੇ ਨਾਲ ਆਏ ਹੋਏ ਨਜਦੀਕੀਆਂ ਨੇ ਰੋਲਾਂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਰੀਜਾਂ ਅਤੇ ਉਸਦੇ ਨਾਲ ਆਏ ਵਿਅਕਤੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਅਜਿਹੇ ਮੌਕੇ ਹਮਦਰਦੀ ਵਾਲਾ ਵਤੀਰਾ ਅਪਣਾਉਣ ਦੀ ਬਜਾਏ ਸਕਿਉਰਿਟੀ ਗਾਰਡਾਂ ਦੀ ਰੱਖੀ ਫ਼ੌਜ ਨੇ ਦਾਬੇ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮਰੀਜ਼ਾਂ ਨੂੰ ਹੋਰ ਦੁਖੀ ਵਤੀਰੇ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪਿੰਡ ਪਹੂਲਾ ਤੋਂ ਆਏ ਕੁਲਦੀਪ ਸਿੰਘ ਨੇ ਦਸਿਆ ਕਿ ਉਹ ਛਾਤੀ ਦੇ ਐਕਸਰੇ ਕਰਵਾਉਣ ਆਇਆ ਤੇ ਐਕਸਰੇ ਲਈ ਬਿੱਲ ਖਿੜਕੀ ਦੇ ਸਾਹਮਣੇ ਲਾਈਨ ਵਿਚ ਲੱਗ ਗਿਆ। ਪ੍ਰੰਤੂ ਸਰਵਰ ਡਾਊਨ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਮੁਤਾਬਕ ਕਰੀਬ ਦਸ ਵਜੇਂ ਹੀ ਸਰਵਰ ਬਹਾਲ ਹੋਣ ’ਤੇ ਪਰਚੀਆਂ ਦਾ ਕੰਮ ਸ਼ੂਰੂ ਹੋਇਆ। ਕਰੀਬ 60 ਕਿਲੋਮੀਟਰ ਦੂਰ ਪਿੰਡ ਜਲਾਲ ਤੋਂ ਆਏੇ ਬਲਦੇਵ ਸਿੰਘ ਨੂੰ ਅੱਜ ਐਮ.ਆਰ.ਆਈ ਲਈ ਸੱਦਿਆ ਗਿਆ ਸੀ ਪ੍ਰੰਤੂ ਫ਼ੀਸ ਨਾ ਭਰੀ ਜਾਣ ਕਾਰਨ ਉਸਨੂੰ ਵਾਪਸ ਮੁੜਣਾ ਪਿਆ। ਪਿੰਡ ਮਹਿਮਾ ਸਵਾਈ ਦੇ ਬਲਦੇਵ ਸਿੰਘ ਨੇ ਦੋਸ਼ ਲਗਾਇਆ ਕਿ ਹਸਪਤਾਲ ਅੰਦਰ ਇੱਕ ਹੀ ਮੈਡੀਕਲ ਸਟੋਰ ਹੋਣ ਕਾਰਨ ਮਰੀਜ਼ਾਂ ਨੂੰ ਘੰਟਿਆਂ ਬੱਧੀ ਦਵਾਈ ਲੈਣ ਲਈ ਲਾਈਨਾਂ ਵਿਚ ਲੱਗਣਾ ਪੈਂਦਾ ਹੈ। ਜਦੋਂ ਵਾਰੀ ਆਉਂਦੀ ਹੈ ਤਾਂ ਏਮਜ ਦੇ ਹੀ ਡਾਕਟਰ ਦੁਆਰਾ ਲਿਖੀ ਪੂਰੀ ਦਵਾਈ ਵੀ ਇਸ ਸਟੋਰ ਤੋਂ ਨਹੀਂ ਮਿਲਦੀ। ਜਿਸਦੇ ਚੱਲਦੇ ਹਸਪਤਾਲ ਦੇ ਅੰਦਰ ਪ੍ਰਾਈਵੇਟ ਲੈਬ ਤੇ ਮੈਡੀਕਲ ਸਟੋਰ ਸੰਚਾਲਕਾਂ ਦੇ ਦਲਾਲਾਂ ਦੀ ਫ਼ੌਜ ਘੁੰਮਦੀ ਨਜਰ ਆਉਂਦੀ ਹੈ।
ਬਾਕਸ
ਕੇਬਲ ਕੱਟੀ ਜਾਣ ਕਾਰਨ ਆਈ ਪ੍ਰੇਸ਼ਾਨੀ: ਡਾਇਰੈਕਟਰ ਏਮਜ਼
ਬਠਿੰਡਾ: ਉਧਰ ਜਦ ਇਸ ਸਬੰਧ ਵਿਚ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ ਦਿਨੇਸ਼ ਕੁਮਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਕੇਬਲ ਕੱਟੀ ਜਾਣ ਕਾਰਨ ਅੱਜ ਇਹ ਸਮੱਸਿਆ ਆ ਗਈ ਸੀ, ਜਿਸ ਕਾਰਨ ਪਰਚੀਆਂ ਤੇ ਫ਼ੀਸਾਂ ਦਾ ਕੰਮ ਕਾਫ਼ੀ ਲੇਟ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹਮੇਸ਼ਾ ਮਰੀਜ਼ਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸਦੇ ਨਾਲ ਏਮਜ਼ ਅੰਦਰ ਇਕ ਹੀ ਮੈਡੀਕਲ ਸਟੋਰ ਹੋਣ ਅਤੇ ਇੱਥੋਂ ਸਾਰੀਆਂ ਦਵਾਈਆਂ ਨਾਂ ਮਿਲਣ ਦੀ ਮੁਸ਼ਕਿਲ ਬਾਰੇ ਡਾ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਸਦੇ ਧਿਆਨ ਵਿਚ ਹੈ, ਜਿਸਦੇ ਠੋਸ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਸੁਰੱਖਿਆ ਮੁਲਾਜਮਾਂ ਦੇ ਰੁੱਖੇ ਵਿਵਹਾਰ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਜੇਕਰ ਕੋਈ ਸਿਕਾਇਤ ਕਰੇਗਾ ਤਾਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
Share the post "ਏਮਜ਼ ਹਸਪਤਾਲ ਦਾ ਸਰਵਰ ਹੋਇਆ ਡਾਉਂਨ, ਦੂਰ-ਦੁਰਾਡੇ ਤੋਂ ਆਏ ਮਰੀਜ ਹੋਏ ਖੱਜਲ ਖੁਆਰ"