22 ਅਗਸਤ ਨੂੰ ਜੰਤਰ ਮੰਤਰ ਤੇ ਵੱਡਾ ਇਕੱਠ ਕਰਕੇ ਕੇਂਦਰ ਨੂੰ ਘੇਰਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਵਲੋਂ ਬਣਾਈ ਕਮੇਟੀ ਨੂੰ ਰੱਦ ਕਰਦਿਆਂ 22 ਅਗੱਸਤ ਤੋਂ ਮੁੜ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸੰਯੁਕਤ ਕਿਸਾਨ ਮੋਰਚਾ ਪੰਜਾਬ (ਗੈਰ ਰਾਜਨਿਤਕ) ਦੇ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਕਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਅਤੇ ਹੋਰਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਹੁਣ ਤਕ ਕੇਂਦਰ ਸਰਕਾਰ ਤੋਂ ਮੰਗ ਕਰਦਾ ਰਿਹਾ ਸੀ ਕਿ ਸਾਨੂੰ ਕਮੇਟੀ ਦੀ ਬਣਤਰ ਅਤੇ ਕਮੇਟੀ ਦੇ ਏਜੰਡਿਆਂ ਬਾਰੇ ਦੱਸਿਆ ਜਾਵੇ।ਮੋਰਚੇ ਨੂੰ ਸਭ ਠੀਕ ਲੱਗਣ ਤੇ ਕਮੇਟੀ ਲਈ ਤਿੰਨ ਆਗੂਆਂ ਦੇ ਨਾਅ ਸਰਕਾਰ ਨੂੰ ਭੇਜੇ ਜਾਣਗੇ।ਪਰ ਕੇਂਦਰ ਨੇ ਚੁੱਪ ਚਪੀਤੇ ਹੀ 18 ਜੁਲਾਈ ਨੂੰ ਐੱਮ ਐੱਸ ਪੀ ਤੇ ਕਮੇਟੀ ਬਨਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਇਸਦੇ ਵਿਚ ਕਿਤੇ ਵੀ ਐੱਮ ਐੱਸ ਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦਾ ਜਿਕਰ ਨਹੀਂ ਕੀਤਾ।ਤਿੱਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਤੇ ਸੰਯੁਕਤ ਕਿਸਾਨ ਮੋਰਚੇ ਨੇ 378 ਦਿਨਾਂ ਤੱਕ ਅੰਦੋਲਨ ਕੀਤਾ ਜਿਸ ਵਿੱਚ 734 ਕਿਸਾਨ ਸ਼ਹੀਦ ਹੋਏ,ਕਿਸਾਨਾਂ ਉੱਪਰ ਮੁਕੱਦਮੇ ਦਰਜ ਕੀਤੇ ਗਏ ਅਤੇ ਇਸ ਦੌਰਾਨ ਸਰਕਾਰ ਦੀ ਗੋਦੀ ਵਿੱਚ ਬੈਠ ਕੇ ਅੰਦੋਲਨ ਦਾ ਵਿਰੋਧ ਕਰਨ ਵਾਲੇ ਪੰਜ ਅਖੌਤੀ ਕਿਸਾਨ ਨੇਤਾਵਾਂ ਨੂੰ ਸਰਕਾਰ ਦੀ ਕਮੇਟੀ ਵਿੱਚ ਲਿਆ ਗਿਆ ਹੈ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਕਮੇਟੀ ਦੇ ਚੇਅਰਮੈਨ ਸੰਜੇ ਅਗਰਵਾਲ ਜਿਨ੍ਹਾਂ ਨੇ ਖੇਤੀ ਵਿਰੁੱਧ ਕਾਨੂੰਨ ਬਣਾਏ ਅਤੇ ਤਿੰਨਾਂ ਕਾਨੂੰਨਾਂ ਦੀ ਅਖੀਰ ਤੱਕ ਵਕਾਲਤ ਕੀਤੀ, ਨੀਤੀ ਆਯੋਗ ਦੇ ਮੁੱਖ ਅਧਿਕਾਰੀ ਰਮੇਸ ਚੰਦ ਜਿਨ੍ਹਾਂ ਨੇ ਇਹ ਤਿੰਨ ਕਾਲੇ ਕਾਨੂੰਨਾਂ ਦਾ ਖਰੜਾ ਤਿਆਰ ਕੀਤਾ।ਕਿਸਾਨਾਂ ਦੇ ਪ੍ਰਤੀਨਿਧੀ ਵੱਜੋਂ ਅਖੌਤੀ ਸੰਗਠਨਾਂ ਦੇ ਪਾਏ ਗਏ ਪੰਜ ਮੈਂਬਰ ਗੁਨਵੰਤ ਪਾਟਿਲ,ਕਿ੍ਰਸਨਵੀਰ ਚੌਧਰੀ,ਪ੍ਰਮੋਧ ਕੁਮਾਰ ਚੌਧਰੀ,ਗੁਣੀ ਪ੍ਰਕਾਸ਼ ਅਤੇ ਸੱਯਦ ਪਾਸ਼ਾ ਪਟੇਲ ਜੋ ਸਾਰੇ ਜਾਂ ਤਾਂ ਬੀਜੇਪੀ ਨਾਲ ਸੰਬੰਧ ਰੱਖਦੇ ਹਨ ਜਾਂ ਫਿਰ ਦੇ ਪੱਖ ਵਿੱਚ ਹਨ।ਇਸ ਲਈ ਇਸ ਕਮੇਟੀ ਤੋਂ ਕਿਸਾਨਾਂ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਆਗੂਆਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਸ੍ਰੀ ਨਰੇਂਦਰ ਤੋਮਰ ਵੱਲੋਂ ਬਾਰ ਬਾਰ ਦਿੱਤੇ ਜਾ ਰਹੇ ਬਿਆਨ ਅਤਿ ਨਿੰਦਣਯੋਗ ਹਨ ਜਿਸ ਵਿੱਚੋਂ ਕਹਿ ਰਹੇ ਹਨ ਕਿ ਅਸੀਂ ਸਿਰਫ ਐੱਮਐੱਸਪੀ ਨੂੰ ਪਾਰਦਰਸ਼ੀ ਕਰਨ ਦਾ ਵਾਅਦਾ ਕੀਤਾ ਸੀ ਨਾ ਕਿ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਾਉਣ ਦਾ।ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਰਵਾਜ਼ੇ ਰਾਹੀਂ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਫਿਰ ਲਾਗੂ ਕਰਵਾਉਣਾ ਚਾਹੁੰਦੀ ਹੈ। ਇਹ ਕਮੇਟੀ ਸਿਰਫ ਕਾਰਪੋਰੇਟਾਂ ਦੇ ਹਿੱਤਾਂ ਵਾਸਤੇ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਕਮੇਟੀ ਦਾ ਸਖਤ ਵਿਰੋਧ ਕਰਦਾ ਹੈ ਅਤੇ ਇਸ ਕਮੇਟੀ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕਰਦਾ ਹੈ।ਡਾਕਟਰ ਸਵਾਮੀਨਾਥਨ ਕਮਿਸਨ ਦੇ 2+50 ਫੀਸਦੀ ਫਾਰਮੂਲੇ ਦੇ ਅਨੁਸਾਰ ਐੱਮਐੱਸਪੀ ਦੀ ਗਾਰੰਟੀ ਕਾਨੂੰਨ ਬਣਵਾਉਣ ਲਈ,ਲਖੀਮਪੁਰ ਕਾਂਡ ਦੇ ਪੀਡਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਂਦੇ ਹੋਏ ਜੇਲ੍ਹਾਂ ਵਿਚ ਬੰਦ ਬੇਦੋਸ਼ੇ ਕਿਸਾਨਾਂ ਨੂੰ ਬਾਹਰ ਕਢਵਾਉਣਾ ਅਤੇ ਇਸ ਕਤਲ ਕਾਂਡ ਦੇ ਮੁੱਖ ਦੋਸ਼ੀ ਰਾਜ ਮੰਤਰੀ ਅਜੈ ਮਿਸ਼ਰਾ ਟਹਿਣੀ ਨੂੰ ਬਰਖਾਸਤ ਕਰਵਾ ਕੇ ਜੇਲ੍ਹ ਵਿਚ ਡੱਕਣਾ,ਸਾਰੇ ਰਾਜਾਂ ਦੇ ਕਿਸਾਨਾਂ ਤੇ ਹੋਏ ਪਰਚੇ ਰੱਦ ਕਰਵਾਉਣੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰਨੀ, ਭਾਰਤ ਨੂੰ ਡਬਲਯੂ.ਟੀ.ਓ ਵਿੱਚੋਂ ਬਾਹਰ ਕੱਢਣ ਲਈ ਅਤੇ ਕਿਸਾਨ ਮਜ਼ਦੂਰਾਂ ਦੇ ਸਾਰੇ ਕਰਜੇ ਤੇ ਲਕੀਰ ਮਾਰਨ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ 22 ਅਗਸਤ ਨੂੰ ਜੰਤਰ ਮੰਤਰ ਦਿੱਲੀ ਵਿਖੇ ਭਾਰੀ ਇਕੱਠ ਕਰਕੇ ਕੇਂਦਰ ਸਰਕਾਰ ਤੇ ਦਬਾਅ ਬਣਇਆ ਜਾਵੇਗਾ। ਇਸਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਅਤੇ ਹਰਿਆਣੇ ਦੀਆਂ ਗੈਰ ਰਾਜਨੀਤਕ ਧਿਰਾਂ 31 ਜੁਲਾਈ ਨੂੰ ਸੁਨਾਮ ਵਿਖੇ ਭਾਰੀ ਇਕੱਤਰਤਾ ਕਰਕੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਗੀਆਂ।
ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 17 ਅਪ੍ਰੈਲ ਅਤੇ 18 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਨਾਲ ਹੋਈਆਂ ਮੀਟਿੰਗਾਂ ਵਿੱਚ ਗੰਨੇ ਦੀ ਸਾਰੀ ਰਕਮ ਦੀ ਅਦਾਇਗੀ 16 ਜੁਲਾਈ ਤੱਕ ਕਰਨ ਦਾ ਵਾਅਦਾ ਕੀਤਾ ਸੀ,ਪ੍ਰੰਤੂ ਸਮਾਂ ਬੀਤਣ ਦੇ ਬਾਵਜੂਦ ਹਾਲਾਂ ਵੀ ਸਰਕਾਰੀ ਅਤੇ ਪ੍ਰਾਈਵੇਟ ਮਿੱਲਾਂ ਵੱਲ 520 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਖਡ੍ਹਾ ਹੈ ਜਿਸ ਨੂੰ ਤੁਰੰਤ ਪੰਜਾਬ ਸਰਕਾਰ ਜਾਰੀ ਕਰੇ ਨਹੀਂ ਤਾਂ ਗੰਨੇ ਦਾ ਦਾ ਬਕਾਇਆ ਲੈਣ ਅਤੇ ਗੰਨੇ ਦਾ ਭਾਅ 450 ਰੁਪਏ ਕਰਵਾਉਣਾ, ਕਿਸਾਨੀ ਸੰਘਰਸ ਦੇ ਸ਼ਹੀਦ ਕਿਸਾਨਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪ੍ਰੀਵਾਰਾ ਨੂੰ 5 ਲੱਖ ਦਾ ਮੁਆਵਅ ਦੇਣ,ਕਣਕ ਦਾ ਬੋਨਸ,ਚਿੱਟੇ ਮੱਛਰ ਕਾਰਨ ਨਰਮੇ ਦਾ ਨੁਕਸਾਨ,ਗੜੇਮਾਰੀ ਨਾਲ ਖਰਾਬ ਹੋਈ ਬਾਸਮਤੀ ਅਤੇ ਮੂੰਗੀ ਦੇ ਨੁਕਸਾਨ ਦੀ ਪੂਰਤੀ ਲਈ 3 ਅਗਸਤ ਨੂੰ ਮਾਝਾ,ਮਾਲਵਾ ਅਤੇ ਦੋਆਬੇ ਵਿੱਚ 3 ਜਗਾ ਨੈਸਨਲ ਹਾਈਵੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਬੰਦ ਕੀਤੇ ਜਾਣਗੇ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਾਕਾ ਸਿੰਘ ਕੋਟੜਾ,ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ,ਜਨਰਲ ਸਕੱਤਰ ਗੁਰਿਦਰ ਸਿੰਘ ਭੰਗੂ,ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ,ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਜਨਰਲ ਸਕੱਤਰ ਕਵਲਜੀਤ ਸਿੰਘ ਖੂਸ਼ਹਾਲਪੁਰ,ਕਿਸਾਨ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ, ਪੱਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ,ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸਲਿਦਰ ਸਿੰਘ,ਪੰਜਾਬ ਕਿਸਾਨ ਮਜਦੂਰ ਯੂਨੀਅਨ, ਬਲਬੀਰ ਸਿੰਘ ਰੰਧਾਵਾ-ਭਾਰਤੀ ਕਿਸਾਨ ਯੂਨੀਅਨ ਮਾਨਸਾ ਪ੍ਰਧਾਨ ਜਸਵਿੰਦਰ ਸਿੰਘ ਸਾਈਆਵਾਲਾ,ਭਾਰਤੀ ਕਿਸਾਨ ਯੂਨੀਅਨ, ਮਾਝਾ ਪ੍ਰਧਾਨ ਬਾਬਾ ਕੰਵਲਜੀਤ ਸਿੰਘ ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਕਿਸਾਨ ਮਜਦੂਰ ਸੰਘਰਸ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ ਆਦਿ ਹਾਜ਼ਰ ਰਹੇ।
Share the post "ਐਮ.ਐਸ.ਪੀ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਕਮੇਟੀ ਵਿਰੁਧ ਕਿਸਾਨ ਮੋਰਚੇ ਨੇ ਖੋਲਿਆ ਮੋਰਚਾ"