ਇੱਕ ਲਗਾਉਂਦਾ ਹੈ ਸਬਜੀ ਦੀ ਰੇਹੜੀ ਤੇ ਦੂਜਾ ਕਰਦਾ ਹੈ ਢਾਬੇ ’ਤੇ ਕੰਮ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਕਾਬੂ ਪਾਉਣ ਲਈ ਗਠਿਤ ਕੀਤੀ ਸਪੈਸ਼ਲ ਟਾਸਕ ਫ਼ੋਰਸ(ਐਸ.ਟੀ.ਐਫ਼) ਦੀ ਬਠਿੰਡਾ ਰੇਂਜ ਵਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਸਕੇ ਭਰਾਵਾਂ ਨੂੰ ਪੰਜ ਕਿਲੋਂ ਅਫ਼ੀਮ ਸਹਿਤ ਕਾਬੂ ਕੀਤਾ ਹੈ। ਇਸ ਸਬੰਧ ਵਿਚ ਅੱਜ ਸਥਾਨਕ ਕਾਨਫਰੰਸ ਹਾਲ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਬਠਿੰਡਾ ਰੇਂਜ ਦੇ ਡੀਆਈਜੀ ਸ਼੍ਰੀ ਅਜੈ ਮਲੂਜਾ ਨੇ ਦਸਿਆ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਡੀਐਸਪੀ ਸੰਪੂਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਪਸ਼ੂ ਹਸਪਤਾਲ ਦਾਣਾ ਮੰਡੀ ਕਿੱਲਿਆਵਾਲੀ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਕੂਟੀ ’ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸੀ ਲਈ ਤੇ ਤਲਾਸੀ ਦੌਰਾਨ ਸਕੂਟੀ ’ਤੇ ਰੱਖੀ ਹੋਈ ਕੈਨੀ ਵਿਚੋਂ ਇਹ ਪੰਜ ਕਿਲੋ ਅਫ਼ੀਮ ਬਰਾਮਦ ਹੋਈ। ਡੀਆਈਜੀ ਸ਼੍ਰੀ ਮਲੂਜਾ ਨੇ ਅੱਗੇ ਦਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਰਵਿੰਦਰ ਪਾਸਵਾਨ ਅਤੇ ਬਾਬੂ ਕੁਮਾਰ (ਦੋਵੇਂ ਸਕੇ ਭਰਾ) ਵਾਸੀ ਪਿੰਡ ਨੇਭੀ, ਥਾਣਾ ਪ੍ਰਤਾਪਪੁਰ ਜਿਲਾ ਚਤਰਾ (ਝਾਰਖੰਡ) ਹਾਲ ਆਬਾਦ ਨਰਸਿੰਗ ਕਲੋਨੀ ਡੂੰਮਵਾਲੀ ਜਿਲਾ ਬਠਿੰਡਾ ਦੇ ਤੌਰ ’ਤੇ ਹੋਈ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਰਵਿੰਦਰ ਪਾਸਵਾਨ ਉਪਰ ਪਹਿਲਾਂ ਵੀ ਭੁੱਕੀ ਤਸਕਰੀ ਦਾ ਪਰਚਾ ਦਰਜ਼ ਹੈ ਅਤੇ ਉਹ ਪਿਛਲੇ 10 ਸਾਲਾਂ ਤੋ ਡੱਬਵਾਲੀ ਵਿਖੇ ਸਬਜੀ ਦੀ ਰੇਹੜੀ ਲਗਾਉਦਾ ਸੀ। ਜਦੋਂਕਿ ਬਾਬੂ ਕੁਮਾਰ ਪਿਛਲੇ 2 ਮਹੀਨਿਆਂ ਤੋ ਜੱਸੀ ਬਾਗਵਾਲੀ ਵਿਖੇ ਇੱਕ ਢਾਬਾ ’ਤੇ ਕੰਮ ਕਰਦਾ ਹੈ। ਸੂਚਨਾ ਮੁਤਾਬਕ ਬਾਬੂ ਕੁਮਾਰ ਝਾਰਖੰਡ ਤੋ ਇਹ ਅਫੀਮ 80 ਹਜਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਝਾਰਖੰਡ ਤੋ ਲੈ ਕੇ ਆਇਆ ਸੀ। ਜਿਸਨੂੰ ਅੱਗੇ ਇੰਨ੍ਹਾਂ ਅਪਣੇ ਪੱਕੇ ਗ੍ਰਾਹਕਾਂ ਕੋਲ 1 ਲੱਖ 50 ਹਜਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕਰਨੀ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋੋ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।ਜਿਹਨਾਂ ਦੀ ਫਰਾਸਿਕ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾਂ-ਕਿੰਨਾਂ ਦੇ ਸੰਪਰਕ ਵਿਚ ਸਨ। ਦੋਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਐਸਟੀਐਫ਼ ਦੀ ਅਪੀਲ ’ਤੇ ਅਦਾਲਤ ਨੇ ਦੋਨਾਂ ਨੂੰ ਪੁਲਿਸ ਰਿਮਾਡ ’ਤੇ ਭੇਜ ਦਿੱਤਾ ਹੈ।
Share the post "ਐਸ.ਟੀ.ਐਫ਼ ਵਲੋਂ ਪੰਜ ਕਿਲੋ ਅਫ਼ੀਮ ਸਹਿਤ ਦੋ ਸਕੇ ਭਰਾ ਕਾਬੂ, ਝਾਰਖੰਡ ਤੋਂ ਲੈ ਕੇ ਆਏ ਸਨ ਅਫ਼ੀਮ"