ਸੈਂਟਰ ਨਾਲ ਜੁੜੇ ਰਹੇ ਸਮਾਜ ਸੇਵੀ ਨੇ ਸਮਾਨ ਗਾਇਬ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਜੁਲਾਈ : ਕਰੀਬ ਸਵਾ ਤਿੰਨ ਸਾਲ ਪਹਿਲਾਂ ਦੁਨੀਆਂ ਭਰ ’ਚ ਲੱਖਾਂ ਜਾਨਾਂ ਲੈਣ ਵਾਲੀ ਪੈਦਾ ਹੋਈ ਕਰੋਨਾਂ ਨਾਂ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਮੁਫ਼ਤ ਕੋਵਿਡ ਸੈਂਟਰ ਵਿਚ ਖਰੀਦੇ ਗਏ ਤੇ ਦਾਨ ਵਜੋਂ ਮਿਲੇ ਲੱਖਾਂ ਦੇ ਸਾਜੋ-ਸਮਾਨ ਦੇ ਕਥਿਤ ਤੌਰ ’ਤੇ ਗਾਇਬ ਹੋਣ ਦੇ ਮਾਮਲੇ ਵਿਚ ਹੁਣ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੈਂਟਰ ਨਾਲ ਜੁੜੇ ਰਹੇ ਇੱਕ ਸਮਾਜ ਸੇਵੀ ਸੰਸਥਾ ਸਹਿਯੋਗ ਵੈੱਲਫੇਅਰ ਸੁਸਾਇਟੀ ਦੇ ਆਗੂ ਗੁਰਵਿੰਦਰ ਸ਼ਰਮਾ ਨੇ ਜਨਤਕ ਤੌਰ ’ਤੇ ਸੋਸਲ ਮੀਡੀਆਂ ਉਪਰ ਮਾਮਲਾ ਚੁੱਕਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕਮਲਜੀਤ ਸਿੰਘ ਨਾਂ ਦੇ ਵੀ ਸਮਾਜ ਸੇਵੀ ਨੇ ਵੀ ਇਸ ਸੈਂਟਰ ਵਿਚ ਪਏ ਸਮਾਨ ਦੀ ਜਾਂਚ ਮੰਗੀ ਹੈ। ਦੂਜੇ ਪਾਸੇ ਇਸ ਕੋਵਿਡ ਸੈਂਟਰ ਨੂੰ ਚਲਾਉਣ ਲਈ ਬਣਾਈ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਹੈ ਕਿ ‘‘ ਉਨ੍ਹਾਂ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਹੈ ਤੇ ਆਕਸੀਜਨ ਕੰਸਨਟਰੇਟਰ ਸਹਿਤ ਕੁੱਝ ਸਮਾਨ ਉਨ੍ਹਾਂ ਕੋਲ ਪਿਆ ਹੈ ਜਦ ਕਿ ਬਾਕੀ ਸਮਾਨ ਮੈਰੀਟੋਰੀਅਸ ਸਕੂਲ ਅਤੇ ਸਿਵਲ ਹਸਪਤਾਲ ਵਿਚ ਖੁੱਲੇ ਡੀਡੀਆਰਸੀ ਸੈਂਟਰ ਨੂੰ ਦੇ ਦਿੱਤਾ ਗਿਆ ਸੀ। ’’ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਏ.ਸੀ ਵਗ਼ੈਰਾ ਅਤੇ ਹੋਰ ਆਕਸੀਜਨ ਕੰਨਸਟਰੇਟਰ ਆਦਿ ਸਮੇਤ ਜੋ ਸਾਜੋ ਸਮਾਨ ਸੁਸਾਇਟੀ ਦੇ ਸਟਾਕ ਵਿਚ ਪਿਆ ਹੈ , ਉਸਨੂੰ ਵਾਪਸ ਲਿਆ ਜਾਵੇਗਾ। ਦਸਣਾ ਬਣਦਾ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਜਦ ਹਸਪਤਾਲ ਵਿਚ ਮਰੀਜਾਂ ਨੂੰ ਦਾਖਲ ਹੋਣ ਤੋਂ ਵੀ ਇੰਨਕਾਰ ਕੀਤਾ ਜਾ ਰਿਹਾ ਸੀ ਤਦ ਸ਼ਹਿਰ ਦੀਆਂ ਕੁੱਝ ਸਮਾਜ ਸੇਵੀ ਸੰਸਥਾਵਾਂ ਨੇ ਮਿਲਕੇ ਸਥਾਨਕ ਮੈਰੀਟੋਰੀਅਸ ਸਕੂਲ ਵਿਚ ਇੱਕ ਕੋਵਿਡ ਸੈਂਟਰ ਖੋਲਿਆ ਸੀ, ਜਿਸਦੇ ਵਿਚ ਦਾਖ਼ਲ ਹੋਣ ਤੋਂ ਬਾਅਦ ਹਰ ਇੱਕ ਵਸਤੂ ਮੁਫ਼ਤ ਮੁਹੱਈਆਂ ਕਰਵਾਈ ਜਾਂਦੀ ਸੀ। ਲੈਵਲ ਦੋ ਤੱਕ ਮੰਨਜੂਰਸੁਦਾ ਇਸ ਸੈਂਟਰ ਵਿਚ ਕਰੀਬ 250 ਮਰੀਜ਼ ਦਾਖ਼ਲ ਹੋਏ ਸਨ, ਜਿਹੜੇ ਸਾਰੇ ਹੀ ਠੀਕ ਹੋ ਗਏ ਵਾਪਸ ਘਰਾਂ ਨੂੰ ਗਏ ਸਨ। ਸਮਾਜ ਸੇਵੀ ਗੁਰਵਿੰਦਰ ਸ਼ਰਮਾ ਮੁਤਾਬਕ ਇਸ ਸੈਂਟਰ ਨੂੰ ਚਲਾਉਣ ਲਈ ਤਤਕਾਲੀ ਸਰਕਾਰ ਨੇ ਵੀ ਲੱਖਾਂ ਰੁਪਏ ਦਿੱਤੇ ਸਨ। ਇਸਤੋਂ ਇਲਾਵਾ ਸੈਂਟਰ ਦੇ ਕੰਮ ਨੂੰ ਦੇਖਦਿਆਂ ਖਾਲਸਾ ਏਡ ਵਰਗੀ ਅੰਤਰਰਾਸਟਰੀ ਸੰਸਥਾ ਨੇ ਸ਼ਹਿਰ ਦੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਦੇ ਰਾਹੀਂ ਵੱਡੀ ਗਿਣਤੀ ਵਿਚ ਆਕਸੀਜਨ ਕੰਨਸਟਰੇਟਰ ਦਿੱਤੇ ਸਨ। ਇਸੇ ਤਰ੍ਹਾਂ ਦਾਅਵਾ ਕੀਤਾ ਕਿ ਸੈਂਟਰ ਦੇ ਕੰਮਕਾਜ਼ ਨੂੰ ਦੇਖਦਿਆਂ ਹੋਰ ਵੀ ਦਾਨੀ ਪੁਰਸ਼ਾਂ ਵਲੋਂ ਆਰਥਿਕ ਸਹਾਇਤਾ ਦਿੱਤੀ ਗਈ ਸੀ। ਜਦ ਕਿ ਸ਼ਹਿਰ ਦੀ ਢਾਬਾ ਐਸੋਸੀਏਸਨ ਵਲੋਂ ਇੱਥੇ ਦਾਖ਼ਲ ਹੋਣ ਵਾਲੇ ਮਰੀਜ਼ਾਂ ਦਾ ਖਾਣਾ ਦੇਣ ਦਾ ਐਲਾਨ ਕੀਤਾ ਸੀ। ਗੁਰਵਿੰਦਰ ਸਰਮਾ ਵਲੋਂ ਫ਼ੇਸਬੁੱਕ ’ਤੇ ਇਸ ਕੋਵਿਡ ਸੈਂਟਰ ਵਿਚੋਂ ਸਮਾਨ ਗਾਇਬ ਹੋਣ ਸਬੰਧੀ ਪਾਈ ਗਈ ਪੋਸਟ ਵਿਚ ਦਾਅਵਾ ਕੀਤਾ ਹੈ ਕਿ ਆਕਸੀਜਨ ਕੰਸਨਟਰੇਟਰ ਤੋਂ ਇਲਾਵਾ ਇੱਥੇ ਦਰਜਨਾਂ ਏਸੀ, ਮਹਿੰਗੀਆਂ ਡਾਕਟਰੀ ਮਸ਼ੀਨਾਂ, ਡੀਪ ਫਰੀਜ਼ਰ, ਮਰੀਜਾਂ ਲਈ ਬੈਡ, ਦਰਜਨਾਂ ਸੀਸੀਟੀਵ ਕੈਮਰੇ, ਕੂਲਰ ਅਤੇ ਹੋਰ ਬਹੁਤ ਸਾਰਾ ਸਮਾਨ ਇੱਥੇ ਪਿਆ ਹੋਇਆ ਸੀ ਪ੍ਰੰਤੂ ਜਦੋਂ ਬਿਮਾਰੀ ਖਤਮ ਹੋ ਗਈ ਤਾਂ ਓਹ ਸਮਾਨ ਖੁਰਦ ਬੁਰਦ ਹੋ ਗਿਆ। ਉਨ੍ਹਾਂ ਜਨਤਕ ਤੌਰ ’ਤੇ ਦੋਸ਼ ਲਗਾਇਆ ਹੈ ਕਿ ਇਸ ਸਮਾਨ ਨੂੰ ਕੁੱਝ ਪ੍ਰਧਾਨਾਂ ਦੀ ਮਿਲੀਭੁਗਤ ਨਾਲ ਗਾਇਬ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸ਼ਨ ਨੇ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸੈਂਟਰ ਨੂੰ ਚਲਾਉਣ ਲਈ ਬਣੀ ਕਮੇਟੀ ਉਪਰ ਵੀ ਸਵਾਲ ਖ਼ੜੇ ਕਰਦਿਆਂ ਕਿਹਾ ਹੈ ਕਿ ਇਸ ਵਾਰੇ ਉਸਨੇ ਵੀ ਇਸਦਾ ਕੋਈ ਹਿਸਾਬ ਨਹੀਂ ਦਿੱਤਾ। ਦਸਣਾ ਬਣਦਾ ਹੈ ਕਿ ਇਸ ਕੋਵਿਡ ਸੈਂਟਰ ਨੂੰ ਚਲਾਉਣ ਲਈ ਸੁਸਾਇਟੀ ਐਕਟ ਅਧੀਨ ਬਠਿੰਡਾ ਕੋਵਿਡ ਕੇਅਰ ਸੈਂਟਰ ਨਾਂ ਦੀ 11 ਮੈਂਬਰੀ ਸੁਸਾਸਿਟੀ ਰਜਿਸਟਰ ਕਰਵਾਈ ਗਈ ਸੀ।ਜਦ ਕਿ ਇਸ ਕੋਵਿਡ ਸੈਂਟਰ ਦੀ ਸੇਵਾ ਵਿਚ ਦੋ ਦਰਜਨ ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਸਮਰਪਣ ਸੁਸਾਇਟੀ ਬਠਿੰਡਾ, ਸਮਰੱਥ ਵੈੱਲਫੇਅਰ, ਸਹਿਯੋਗ ਵੈੱਲਫੇਅਰ, ਗੁਰੂ ਸੇਵਾ, ਸ਼ਹੀਦ ਜਰਨੈਲ ਸਿੰਘ ਸੇਵਾ ਸੁਸਾਇਟੀ, ਸ਼ਿਵ ਸ਼ਕਤੀ ਆਦਿ ਸ਼ਾਮਿਲ ਸਨ।
ਬਾਕਸ
ਸਾਡੇ ਕੋਲ ਇੱਕ-ਇੱਕ ਪੈਸੇ ਦਾ ਹਿਸਾਬ: ਦਰਵਜੀਤ ਮੈਰੀ
ਬਠਿੰਡਾ: ਉਧਰ ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਇਸ ਸੈਂਟਰ ਨੂੰ ਚਲਾਉਣ ਲਈ ਬਣਾਈ ਬਠਿੰਡਾ ਕੋਵਿਡ ਕੇਅਰ ਸੈਂਟਰ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇੱਕ-ਇੱਕ ਪੈਸੇ ਦਾ ਹਿਸਾਬ ਮੌਜੂਦ ਹੈ। ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਸੁਸਾਇਟੀ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ 40 ਲੱਖ ਸਹਿਤ ਕੁੱਲ 54 ਲੱਖ ਰੁਪਏ ਇਕੱਤਰ ਹੋਏ ਸਨ। ਜਿਸਦੇ ਵਿਚੋਂ ਇਸ ਸੈਂਟਰ ਵਿਚ ਕੰਮ ਕਰਨ ਵਾਲੇ ਮੁਲਾਜਮਾਂ ਦੀਆਂ ਤਨਖ਼ਾਹਾਂ, ਦਵਾਈਆਂ, ਖਾਣ-ਪੀਣ ਦਾ ਸਮਾਨ, ਆਕਸੀਜਨ ਫ਼ਲੋ, ਇਨਫਰੱਸਟਚਕਰ ਆਦਿ ਖਰਚੇ ਗਏ। ਢਾਬਾ ਐਸੋਸੀਏਸ਼ਨ ਵਲੋਂ ਮਰੀਜਾਂ ਨੂੰ ਮੁਫ਼ਤ ਖਾਣਾ ਦੇਣ ਸਬੰਧੀ ਕੀਤੇ ਐਲਾਨ ਬਾਰੇ ਪੁੱਛੇ ਜਾਣ ’ਤੇ ਮੈਰੀ ਨੇ ਕਿਹਾ ਕਿ ਨਹੀਂ ਖਾਣਾ ਬਣਾਉਣ ਲਈ ਸੈਂਟਰ ਵਿਚ ਮੈਸ ਬਣਾਈ ਗਈ ਸੀ ਤੇ ਹਲਵਾਈ ਨੂੰ ਬਕਾਇਦਾ ਚੈਕ ਰਾਹੀਂ ਰਾਸ਼ੀ ਅਦਾ ਕੀਤੀ ਗਈ ਹੈ। ਇਸੇ ਤਰ੍ਹਾਂ ਇੱਥੇ ਮਰੀਜਾਂ ਦਾ ਚੈਕਅੱਪ ਕਰਨ ਵਾਲੇ ਡਾਕਟਰਾਂ ਨੂੰ ਵੀ ਪੈਸੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵਿਚ ਲੱਗੇ ਏਸੀ ਇਸ ਕਰਕੇ ਵੇਚਣੇ ਪਏ ਕਿ ਇੱਥੇ ਮਰੀਜ਼ਾਂ ਨੂੰ ਚੈਕ ਕਰਨ ਵਾਲੇ ਡਾਕਟਰਾਂ ਦੀਆਂ ਤਨਖ਼ਾਹਾਂ ਦੇਣੀਆਂ ਬਕਾਇਆ ਸਨ। ਜਦ ਕਿ 25 ਆਕਸੀਜਨ ਫ਼ਲੋ ਸੈਟ, ਸੀਸੀਟੀਵੀ ਕੈਮਰੇ ਅਤੇ ਪਾਰਟੀਸ਼ਨ ਸਕੂੁਲ ਨੂੰ ਹੀ ਛੱਡ ਦਿੱਤੀ ਹੈ। ਇਸੇ ਤਰ੍ਹਾਂ ਬੈਡ ਡੀਡੀਆਰਸੀ ਸੈਂਟਰ ਨੂੰ ਦਿੱਤੇ ਹਨ ਅਤੇ ਖ਼ਾਲਸਾ ਏਡ ਤੇ ਹੋਰਨਾਂ ਵਲੋਂ ਦਿੱਤੇ ਆਕਸੀਜਨ ਕਸਟਰਕਸਨ ਹਾਲੇ ਤੱਕ ਸਾਡੇ ਕੋਲ ਪਏ ਹਨ।
ਬਠਿੰਡਾ
ਡਿਪਟੀ ਕਮਿਸ਼ਨਰ ਬਠਿੰਡਾ ਦਾ ਪੱਖ
ਬਠਿੰਡਾ: ਇਸ ਮਾਮਲੇ ਵਿਚ ਸੰਪਰਕ ਕਰਨ ‘ਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਕਿਹਾ ਕਿ ਉਨ੍ਹਾਂ ਵਲੋਂ ਮੁਢਲੀ ਪੁਛਗਿਛ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਸ ਕੋਵਿਡ ਸੈਂਟਰ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਖ਼ਰਚੇ ਸਰਕਾਰ ਵੱਲੋਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦੇ ਦੇਖ ਰੇਖ ਕਰ ਰਹੀ ਸੁਸਾਇਟੀ ਨਾਲ ਗੱਲ ਹੋ ਗਈ ਹੈ। ਉਨ੍ਹਾਂ ਕੋਲ ਏ.ਸੀ, ਆਕਸੀਜਨ ਕੰਨਸਟਰੇਟਰ ਆਦਿ ਸਾਜੋ ਸਮਾਨ ਜੋ ਸਟਾਕ ਵਿਚ ਪਿਆ ਹੈ, ਵਾਪਸ ਲਿਆ ਜਾਵੇਗਾ।
Share the post "ਕਰੋਨਾ ਕਾਲ ਦੌਰਾਨ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਕੋਵਿਡ ਸੈਂਟਰ ਵਿਚ ਪਏ ਲੱਖਾਂ ਦੇ ਸਾਜੋ-ਸਮਾਨ ’ਤੇ ਉੱਠੇ ਸਵਾਲ"