ਸੁਖਜਿੰਦਰ ਮਾਨ
ਬਠਿੰਡਾ, 3 ਜੂਨ : ਵਿਸ਼ਵ ਸਾਈਕਲ ਦਿਵਸ 2023 ਦੇ ਮੌਕੇ ’ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨਿਕਾਲੀ ਗਈ ਸਾਈਕਲ ਰੈਲੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ, ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸਮਾਗਮ ਸਾਈਕਲਿੰਗ ਅਤੇ ਸਰੀਰਕ ਗਤੀਵਿਧੀ ਨਾਲ ਜੁੜੇ ਫਾਇਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੱਦੇ ’ਤੇ ਦੇਸ਼ ਭਰ ਵਿੱਚ ਆਯੋਜਿਤ ਕੀਤੇ ਗਏ ਸਾਈਕਲਿੰਗ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ।ਇਸ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਲਈ ਯੂਨੀਵਰਸਿਟੀ ਦੇ ਸਾਈਕਲ ਪ੍ਰੇਮੀ ਨੌਜਵਾਨ ਸ਼ਨੀਵਾਰ ਸਵੇਰੇ ਯੂਨੀਵਰਸਿਟੀ ਹੋਸਟਲ ਗੇਟ ’ਤੇ ਇਕੱਠੇ ਹੋਏ। ਸਾਈਕਲ ਰੈਲੀ ਦਾ ਉਦਘਾਟਨ ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕੀਤਾ। ਉਹਨਾਂ ਨੇ ਕਿਹਾ ਕਿ ਸਾਈਕਲਿੰਗ ਇੱਕ ਕਸਰਤ ਹੈ ਜੋ ਸਾਨੂੰ ਚੁਸਤ ਰੱਖਦੀ ਹੈ ਅਤੇ ਇਹ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੀ ਹੈ।ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਖੁਦ ਵਿਦਿਆਰਥੀਆਂ ਨਾਲ ਸਾਈਕਲ ਰੈਲੀ ਦੀ ਅਗਵਾਈ ਕੀਤੀ। ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸਾਈਕਲ ਰੈਲੀ ਯੂਨੀਵਰਸਿਟੀ ਹੋਸਟਲ ਦੇ ਮੁੱਖ ਗੇਟ ਤੋਂ ਸ਼ੁਰੂ ਕੀਤੀ ਗਈ। ਸਾਈਕਲ ਸਵਾਰਾਂ ਨੇ ਹਰਿਆਲੀ ਨਾਲ ਘਿਰੀ ਯੂਨੀਵਰਸਿਟੀ ਦੇ ਸਮੁੱਚੇ ਸੜਕੀ ਨੈੱਟਵਰਕ ਦਾ ਚੱਕਰ ਲਾਇਆ। ਸਾਈਕਲ ਰੈਲੀ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ ਵਿਖੇ ਸਮਾਪਤ ਹੋਈ। ਰੈਲੀ ਦੀ ਸਮਾਪਤੀ ਉਪਰੰਤ ਸਾਰੇ ਭਾਗੀਦਾਰਾਂ ਨੂੰ ਲੱਸੀ ਵਰਤਾਈ ਗਈ। ਇਸ ਮੌਕੇ ਡਾ: ਵਿਕਾਸ ਰਾਠੀ, ਡਾ. ਪੁਸ਼ਪਿੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਰੈਲੀ ਨੇ ਭਾਗੀਦਾਰਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।
Share the post "ਕੇਂਦਰੀ ਯੂਨੀਵਰਸਿਟੀ ਵਿਖੇ ਵਿਸ਼ਵ ਸਾਈਕਲ ਦਿਵਸ 2023 ਮੌਕੇ ਸਾਈਕਲ ਰੈਲੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ"