ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਸੂਬਾ ਸਰਕਾਰ ਵਲੋਂ ਵਿਕਾਸ ਕਾਰਜਾਂ ਤੋਂ ਇਲਾਵਾ ਹਰ ਵਰਗ ਦੀ ਭਲਾਈ ਅਤੇ ਆਮ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਜ਼ਮੀਨੀ ਪੱਧਰ ’ਤੇ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸਦੇ ਚੱਲਦੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹਿਣ ਦਿੱਤਾ ਜਾਵੇ। ਇਹ ਆਦੇਸ਼ ਅੱਜ ਇੱਥੇ ਬਲਾਕ ਮੌੜ ਅਤੇ ਰਾਮਪੁਰਾ ਦੇ ਸਰਪੰਚਾਂ ਨਾਲ ਸਾਂਝੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੰਦਿਆਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਦੀ ਵੀ ਹਦਾਇਤ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ. ਸੰਧੂ ਵਲੋਂ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚਾਂ ਤੇ ਹੋਰ ਪੰਤਵੰਤਿਆਂ ਕੋਲੋਂ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਾਂਝੀਆਂ ਸਮੱਸਿਆਵਾਂ ਸੁਣੀਆ। ਉਨ੍ਹਾਂ ਯੋਗ ਸਮੱਸਿਆਵਾਂ ਦੇ ਹੱਲ ਲਈ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਸਰਪੰਚਾਂ ਨੂੰ ਵੀ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਸਾਂਝੇ ਵਿਕਾਸ ਕਾਰਜ ਕਰਵਾਏ ਜਾਂਦੇ ਹਨ, ਉਹ ਕਾਰਜ ਮਗਨਰੇਗਾ ਰਾਹੀਂ ਹੀ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਸਰਪੰਚਾਂ ਨੂੰ ਇਹ ਵੀ ਖਾਸ ਅਪੀਲ ਕੀਤੀ ਕਿ ਉਹ ਜੋ ਵੀ ਵਿਕਾਸ ਕਾਰਜ ਕਰਵਾਉਂਦੇ ਹਨ, ਉਹ ਕਾਰਜ ਪਾਸ ਮਤੇ ਅਨੁਸਾਰ ਹੀ ਕਰਵਾਏ ਜਾਣ ਅਤੇ ਸਬੰਧਤ ਕਾਰਜ ਮੁਕੰਮਲ ਹੋਣ ਉਪਰੰਤ ਕਾਗਜ਼ੀ ਪੱਤਰ ਤੁਰੰਤ ਪੂਰੇ ਕੀਤੇ ਜਾਣ। ਕਾਗਜੀ ਪੱਤਰ ਕੀਤੇ ਕਾਰਜਾਂ ਅਨੁਸਾਰ ਹੀ ਤਿਆਰ ਕੀਤੇ ਜਾਣ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ।
ਮੀਟਿੰਗ ਦੌਰਾਨ ਜ਼ਿਆਦਾਤਰ ਪਿੰਡਾਂ ਦੇ ਸਰਪੰਚਾਂ ਵੱਲੋਂ ਪੀਣ ਵਾਲੇ ਪਾਣੀ, ਨਹਿਰੀ ਪਾਣੀ ਦੀ ਘਾਟ, ਪਿੰਡਾਂ ਵਿਚਲੇ ਛੱਪੜਾਂ ਦੀ ਸਫਾਈ, ਨਵੀਂਆਂ ਿਕ ਸੜਕਾਂ ਬਣਾਉਣ ਤੇ ਪੁਰਾਣੀਆਂ ਸੜਕਾਂ ਦੀ ਰਿਪੇਅਰ ਕਰਨ, ਖਰੀਦ ਕੇਂਦਰਾਂ ਦੇ ਫੜ ਪੱਕੇ ਕਰਨ, ਸੀਵਰੇਜ਼ ਤੇ ਗੰਦੇ ਪਾਣੀ ਦੇ ਨਿਕਾਸ, ਸਕੂਲਾਂ ਦੀ ਟੁੱਟੀ ਚਾਰ ਦੀਵਾਰੀ ਬਣਾਉਣ ਅਤੇ ਸਟਾਫ ਦੀ ਘਾਟ ਪੂਰੀ ਕਰਨ, ਜਲ ਘਰਾਂ ਤੋਂ ਸਪਲਾਈ ਹੋਣ ਵਾਲੇ ਪਾਣੀ ਦੀ ਲੀਕੇਜ਼ ਬੰਦ ਕਰਵਾਉਣ ਤੋਂ ਇਲਾਵਾ ਮਗਨਰੇਗਾ ਰਾਹੀਂ ਕੀਤੇ ਗਏ ਵਿਕਾਸ ਕਾਰਜਾਂ ਦੀਆਂ ਰੁਕੀਆਂ ਹੋਈਆਂ ਅਦਾਇਗੀਆਂ ਸਬੰਧੀ ਸਮੱਸਿਆਵਾਂ ਆਦਿ ਸਾਂਝੀਆਂ ਕੀਤੀਆ ਗਈਆ, ਜਿਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਵਿਕਾਸ ਕਾਰਜ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸ਼ੰਕਾਂ ਜਾਂ ਸਮੱਸਿਆਂ ਦਰਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਉਨ੍ਹਾਂ ਨਾਲ ਸਾਂਝੀਆਂ ਕਰ ਸਕਦੇ ਹਨ। ਮੀਟਿੰਗ ਵਿਚ ਐਸ.ਡੀ.ਐਮ ਮੌੜ ਮੈਡਮ ਵੀਰਪਾਲ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਐਕਸੀਅਨ ਪਾਵਰਕਾਮ ਮੋੜ ਕਮਲਜੀਤ ਸਿੰਘ ਮਾਨ , ਬਲਾਕ ਖੇਤੀਬਾੜੀ ਅਫ਼ਸਰ ਮੋੜ ਡਾ ਡੂੰਘਰ ਸਿੰਘ ਬਰਾੜ, ਸਬੰਧਤ ਤਹਿਸੀਲਦਾਰ ਅਤੇ ਬੀਡੀਪੀਓਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੇ ਸਰਪੰਚ ਤੇ ਹੋਰ ਮੋਹਤਵਰ ਵਿਅਕਤੀ ਸ਼ਾਮਿਲ ਸਨ ।
Share the post "ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮਾਂ ਤੋਂ ਨਾ ਰਹਿਣ ਦਿੱਤਾ ਜਾਵੇ ਵਾਂਝਾ: ਡਿਪਟੀ ਕਮਿਸ਼ਨਰ"