ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਪਿਛਲੇ ਕਈ ਸਾਲਾਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਕੌਮੀ ਸਿਹਤ ਮਿਸ਼ਨ ਦੇ ਮੁਲਾਜਮਾਂ ਦੀ ਚੱਲ ਰਹੀ ਹੜਤਾਲ ’ਚ ਸਰਕਾਰ ਵਿਰੋਧੀ ਨਾਅਰਿਆਂ ਦੀ ਅਵਾਜ਼ ਹੋਰ ਉੱਚੀ ਹੋਣ ਲੱਗੀ ਹੈ। ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਭਲਕੇ ਸਿਹਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿਚ ਉਨ੍ਹਾਂ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ‘ਕਰੋ ਜਾਂ ਮਰੋ‘ ਦੀ ਨੀਤੀ ਅਪਣਾਉਂਦਿਆਂ ਸੰਘਰਸ਼ ਨੂੰ ਤੇਜ਼ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨਾਂ੍ਹ ਦੀਆਂ ਸੇਵਾਵਾਂ ਨਿਯਮਿਤ ਕਰੇਂ ਜਾਂ ਉਨਾਂ੍ਹ ‘ਤੇ ਹਰਿਆਣਾ ਸਰਕਾਰ ਦੀ ਤਰਜ਼ ‘ਤੇ ਬਰਾਬਰ ਤਨਖਾਹ ਸਕੇਲ ਲਾਗੂ ਕਰੇ। ਸਥਾਨਕ ਸਿਵਲ ਹਸਪਤਾਲ ਵਿਚ ਐਨ.ਐਚ.ਐਮ ਮੁਲਾਜਮਾਂ ਦੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਇਸ਼ਤਿਹਾਰ ਜਾਰੀ ਕਰਕੇ ਮੁਫ਼ਤ ਦੀ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਨਵੇਂ ਲਿਆਂਦੇ ਐਕਟ ਵਿਚ ਬੋਰਡ, ਕਾਪਰੋਰੇਸ਼ਨ ਤੇ ਹੋਰ ਠੇਕਾ ਮੁਲਾਜਮਾਂ ਨੂੰ ਬਾਹਰ ਕਰਕੇ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਗਈ ਹੈ। ਆਗੂਆਂ ਨੇ ਐਲਾਨ ਕੀਤਾ ਕਿ ਉਹ ਅਪਣੀ ਮੰਗ ਪੂਰੀ ਕਰਵਾਉਣ ਤੱਕ ਡਟੇ ਰਹਿਣਗੇ। ਇਸਤੋਂ ਇਲਾਵਾ ਸਰਕਾਰ ਦੀ ਵਾਅਦਾ ਖਿਲਾਫ਼ੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਰਚੇ ਵੰਡੇ ਜਾਣਗੇ। ਇਸ ਮੌਕੇ ਨਰਿੰਦਰ ਕੁਮਾਰ, ਬਲਜਿੰਦਰਜੀਤ ਸਿੰਘ, ਅਵੀਨੀਸ਼ ਕੁਮਾਰ, ਸੁਖਦੀਪ ਕੌਰ,ਮਨਪ੍ਰੀਤ ਕੌਰ, ਦੀਪਕ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਕੌਮੀ ਸਿਹਤ ਮਿਸ਼ਨ ਦੇ ਮੁਲਾਜਮਾਂ ਨੇ ਸੰਘਰਸ਼ ਭਖਾਇਆ, ਹੜਤਾਲ ਜਾਰੀ
3 Views