ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕੀਤੀ ਹੌਂਸਲਾ ਅਫ਼ਜਾਈ
ਖੇਡ ਸਹੂਲਤਾਂ ਦਾ ਲਿਆ ਜਾਇਜਾ, ਕਿਹਾ ਖਿਡਾਰੀਆਂ ਨੂੰ ਦਿੱਤੀਆਂ ਜਾਣਗੀਆਂ ਵਧੀਆ ਸਹੂਲਤਾਂ
ਸੁਖਜਿੰਦਰ ਮਾਨ
ਬਠਿੰਡਾ, 17 ਮਈ: ਸੂਬੇ ਦੇ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਅਚਾਨਕ ਬਠਿੰਡਾ ਦੇ ਖੇਡ ਸਟੇਡੀਅਮ ਅਤੇ ਰਾਜਿੰਦਰਾ ਕਾਲਜ ਸਥਿਤ ਹਾਕੀ ਦੇ ਸਟੇਡੀਅਮ ਵਿੱਚ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਬੱਚਿਆਂ ਦੇ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਇੱਥੇ ਹੋਸਟਲ ਵਿੱਚ ਰਹਿ ਰਹੇ ਵਿਦਿਆਰਥਣਾਂ ਦੇ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਖੇਡਾਂ ਤੇ ਖਿਡਾਰੀਆਂ ਪੱਖੀ ਖੇਡ ਨੀਤੀ ਬਣਾਉਣ ਲਈ ਫੀਡਬੈਕ ਲੈਣ ਲਈ ਬਠਿੰਡਾ ਸਹਿਰ ਇੱਥੋਂ ਦੇ ਤਿੰਨ ਖੇਡ ਸਥਾਨਾਂ ਮਲਟੀਪਰਪਜ ਖੇਡ ਸਟੇਡੀਅਮ, ਥਰਮਲ ਖੇਡ ਸਟੇਡੀਅਮ ਤੇ ਹਾਕੀ ਐਸਟੋਟਰਫ ਗਰਾਊਂਡ ਦਾ ਦੌਰਾ ਕੀਤਾ ਗਿਆ।
ਕੈਬਨਿਟ ਮੰਤਰੀ ਵੱਲੋਂ ਇਨ੍ਹਾਂ ਸਟੇਡੀਅਮਾਂ ਵਿੱਚ ਖਿਡਾਰੀਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਖੇਡ ਸਹੂਲਤਾਂ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਮੁੜ ਖੇਡਾਂ ਦੇ ਨਕਸੇ ਉੱਤੇ ਚਮਕਾਉਣਾ ਚਾਹੁੰਦੇ ਹਾਂ, ਜਿਸ ਲਈ ਜਮੀਨੀ ਪੱਧਰ ਉੱਤੇ ਖੇਡ ਸਹੂਲਤਾਂ ਨੂੰ ਦੇਖ ਰਹੇ ਹਾਂ ਅਤੇ ਸਾਡੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਕੋਲੋਂ ਫੀਡਬੈਕ ਹਾਸਲ ਕਰ ਰਹੇ ਹਾਂ। ਸ਼੍ਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਿੱਚ ਬਿਹਤਰ ਨਤੀਜਿਆਂ ਲਈ ਹੇਠਲੇ ਪੱਧਰ ਉੱਤੇ ਖੇਡ ਢਾਂਚੇ ਨੂੰ ਮਜਬੂਤ ਕਰਨ ਉੱਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਵਧੀਆ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਸਕੇ। ਖੇਡ ਮੰਤਰੀ ਨੇ ਇਸ ਗੱਲ ਤੇ ਵੀ ਦੁੱਖ ਪ੍ਰਗਟ ਕੀਤਾ ਕਿ ਕਰੀਬ ਪਿਛਲੇ ਛੇ ਸਾਲਾਂ ਤੋਂ ਖਿਡਾਰੀਆਂ ਨੂੰ ਖੇਡਣ ਲਈ ਕੋਈ ਸਾਜ਼ੋ ਸਾਮਾਨ ਨਹੀਂ ਮਿਲਿਆ ਜਦੋਂਕਿ ਕਿ ਪਿਛਲੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਦਾ ਬਜਟ ਸਿਰਫ ਇਮਾਰਤਾਂ ਉਸਾਰਨ ਉੱਪਰ ਹੀ ਖਰਚ ਕਰ ਦਿੱਤਾ।
ਮੀਤ ਹੇਅਰ ਨੇ ਇਹ ਵੀ ਦਾਅਵਾ ਕੀਤਾ ਕਿ ਜਲਦੀ ਹੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤਕ ਖਿਡਾਰੀਆਂ ਦਾ ਨਾ ਸਿਰਫ ਮਾਣ ਸਨਮਾਨ ਬਹਾਲ ਕੀਤਾ ਜਾਵੇਗਾ ਬਲਕਿ ਉਨ੍ਹਾਂ ਨੂੰ ਤਰਾਸ਼ ਕੇ ਅੱਗੇ ਲਿਜਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ।ਖੇਡ ਮੰਤਰੀ ਨੇ ਇਸ ਗੱਲ ਤੇ ਵੀ ਦੁੱਖ ਪ੍ਰਗਟ ਕੀਤਾ ਕਿ ਪਿਛਲੇ ਦਿਨੀਂ ਉਨ੍ਹਾਂ ਜਲੰਧਰ ਦੇ ਮਾਹਲਪੁਰ ਸਥਿਤ ਸਟੇਡੀਅਮ ਦਾ ਦੌਰਾ ਕੀਤਾ ਜਿਸ ਨੂੰ ਫੁਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਪ੍ਰੰਤੂ ਉਥੇ ਖੇਡ ਸਹੂਲਤਾਂ ਨਾਂਮਾਤਰ ਹੀ ਸਨ ਜਦੋਂ ਕਿ ਇਮਾਰਤਾਂ ਤੇ ਕਰੋੜਾਂ ਰੁਪਏ ਖਰਚੇ ਗਏ ਹਨ।ਖੇਡ ਮੰਤਰੀ ਨੇ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਕਿ ਜਲਦੀ ਹੀ ਉਹ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਸਪੋਰਟਸ ਸਕੂਲ ਘੁੱਦਾ ਦਾ ਦੌਰਾ ਕਰਨਗੇ ਅਤੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਗੇ
ਇਸ ਮੌਕੇ ਆਮ ਆਦਮੀ ਪਾਰਟੀ ਦੇ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਸ਼੍ਰੀ ਜਗਰੂਪ ਸਿੰਘ ਗਿੱਲ, ਆਪ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨੀਲ ਗਰਗ, ਆਪ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸ਼੍ਰੀ ਅੰਮਿ੍ਰਤ ਲਾਲ ਅਗਰਵਾਲ, ਸੀਨੀਅਰ ਆਗੂ ਦੀਪਕ ਬਾਂਸਲ, ਰਾਕੇਸ਼ ਪੁਰੀ, ਯੂਥ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਮਰਦੀਪ ਰਾਜਨ ਤੋਂ ਇਲਾਵਾ ਹੋਰ ਅਹੁਦੇਦਾਰ ਤੇ ਵਰਕਰ ਵੀ ਹਾਜ਼ਰ ਸਨ।
Share the post "ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਦੇ ਖੇਡ ਸਟੇਡੀਅਮਾਂ ਦਾ ਕੀਤਾ ਦੌਰਾ"