ਸੋਨਾ ਵਾਪਸ ਕਰਨ ਜਾਂ ਅੱਜ ਦੇ ਭਾਅ ਮੁਤਾਬਕ ਪੈਸੇ ਦੇਣ ਦੇ ਦਿੱਤੇ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਜੂਨ: ਗ੍ਰਾਹਕ ਵਲੋਂ ਕਰਜ਼ੇ ਲਈ ਗਹਿਣੇ ਰੱਖੇ ਸੋਨੇ ਨੂੰ ਵੇਚਣ ਵਾਲੀ ਮੁਥੂਟ ਕੰਪਨੀ ਨੂੰ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਵੱਡਾ ਝਟਕਾ ਦਿੱਤਾ ਹੈ। ਇਸ ਸਬੰਧ ਵਿਚ ਕਮਿਸ਼ਨ ਕੋਲ ਅਪਣੇ ਵਕੀਲ ਰਾਹੀਂ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਏਕਤਾ ਨਾਂ ਦੀ ਔਰਤ ਨੇ ਦੱਸਿਆ ਕਿ ਉਸਨੇ ਆਪਣਾ ਸੋਨਾ ਗਿਰਵੀ ਰੱਖ ਕੇ ਸਾਲ 2017 ਵਿੱਚ ਮੁਥੂਟ ਫਾਈਨਾਂਸ ਤੋਂ ਕਰਜ਼ਾ ਲਿਆ ਸੀ। ਪਰ ਕਾਰੋਬਾਰ ਵਿੱਚ ਘਾਟੇ ਕਾਰਨ ਉਹ ਮੁਥੂਟ ਨੂੰ ਪੈਸੇ ਵਾਪਸ ਨਹੀਂ ਕਰ ਸਕੀ ਅਤੇ ਕੰਪਨੀ ਨੇ ਉਸ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਸਦਾ ਸਾਰਾ ਸੋਨਾ ਬਾਜ਼ਾਰ ਵਿੱਚ ਵੇਚ ਦਿੱਤਾ। ਇਸ ਗੱਲ ਦਾ ਪਤਾ ਉਸਨੂੰ ਉਸ ਸਮੇਂ ਲੱਗਿਆ ਜਦ ਉਹ ਆਪਣਾ ਸੋਨਾ ਵਾਪਸ ਲੈਣ ਲਈ ਕੰਪਨੀ ਕੋਲ ਗਈ। ਸਿਕਾਇਤਕਰਤਾ ਨੇ ਕੇਸ ਕਰਨ ਤੋਂ ਪਹਿਲਾਂ ਕੰਪਨਂੀ ਨੂੰ ਸੋਨਾ ਵਾਪਸ ਕਰਨ ਲਈ ਆਪਣੇ ਵਕੀਲ ਰਾਹੀਂ ਨੋਟਿਸ ਵੀ ਭੇਜਿਆ ਪਰ ਕੰਪਨੀ ਨੇ ਉਸ ਦਾ ਸੋਨਾ ਵਾਪਸ ਨਹੀਂ ਕੀਤਾ। ਮਹਿਲਾ ਦੇ ਵਕੀਲ ਵਰੁਣ ਬਾਂਸਲ ਨੇ ਕਮਿਸ਼ਨ ਸਾਹਮਣੇ ਦਲੀਲਾਂ ਦਿੰਦਿਆਂ ਕਿਹਾ ਕਿ ਕੰਪਨੀ ਨੇ ਸੋਨੇ ਦੀ ਨਿਲਾਮੀ ਕਰਦੇ ਸਮੇਂ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਹੈ, ਜਿਵੇਂ ਕਿ ਕੰਪਨੀ ਨੇ ਨਾਂ ਤਾਂ ਦੋ ਅਖਬਾਰਾਂ ਵਿਚ ਇਸ ਦੀ ਪ੍ਰਕਾਸ਼ਨਾ ਦਿੱਤੀ ਅਤੇ ਨਾ ਹੀ ਕੰਪਨੀ ਨੇ ਨਿਲਾਮੀ ਸਮੇਂ ਏਕਤਾ ਨੂੰ ਬੁਲਾਇਆ ਅਤੇ ਨਾ ਹੀ ਕੰਪਨੀ ਨੇ ਕੋਈ ਵੀਡੀਓਗ੍ਰਾਫੀ ਕਰਵਾਈ ਹੈ। ਕਮਿਸ਼ਨ ਨੇ ਫ਼ੈਸਲਾ ਸੁਣਾਉਂਦਿਆਂ ਕੰਪਨੀ ਨੂੰ ਹੁਕਮ ਦਿੱਤਾ ਹੈ ਜਾਂ ਤਾਂ ਉਹ ਸਿਕਾਇਤਕਰਤਾ ਕੰਪਨੀ ਨੂੰ ਪਾਲਿਸੀ ਦੇ ਅਨੁਸਾਰ ਵਿਆਜ ਸਮੇਤ ਕਰਜ਼ੇ ਦੀ ਰਕਮ ਜਮਾ ਕਰਵਾਏਗੀ ਅਤੇ ਕੰਪਨੀ ਸਾਰਾ ਸੋਨਾ ਵਾਪਸ ਕਰੇਗੀ, ਜੇਕਰ ਸੋਨਾ ਵਾਪਿਸ ਨਹੀਂ ਕੀਤਾ ਜਾ ਸਕਦਾ ਹੈ ਤਾਂ ਅੱਜ ਦੀ ਕੀਮਤ ਅਨੁਸਾਰ ਸੋਨੇ ਦੀ ਰਕਮ ਵਾਪਸ ਕਰਨੀ ਪਵੇਗੀ।
Share the post "ਗਾਹਕ ਦਾ ਸੋਨਾ ਵੇਚਣ ’ਤੇ ਮੁਥੂਟ ਫਾਈਨਾਂਸ ਨੂੰ ਖਪਤਕਾਰ ਕਮਿਸ਼ਨ ਨੇ ਦਿੱਤਾ ਝਟਕਾ"