ਡੀਸੀ ਤੇ ਐਸ.ਐਸ.ਪੀ ਵਲੋਂ ਦੋਵਾਂ ਧਿਰਾਂ ਨਾਲ ਕੀਤੀ ਮੀਟਿੰਗ ਵਿਚ ਨਿਕਲਿਆਂ ਕੋਈ ਸਿੱਟਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਹਿਤ ਪੰਜਾਬ ਭਰ ਤੋਂ ਇਕੱਠਾ ਹੋਇਆ ਦਲਿਤ ਭਾਈਚਾਰਾ
ਸੁਖਜਿੰਦਰ ਮਾਨ
ਬਠਿੰਡਾ, 16 ਮਈ : ਕੁੱਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਗਲਿਆਰੇ ਦੇ ਨਾਲ ਪੈੇਂਦੇ ਇਤਿਹਾਸਕ ਗੁਰਦੁਆਰਾ ਬੁੰਗਾ ਨਾਨਕਸਰ (ਰਵਿਦਾਸੀਆ ਸਿੰਘਾਂ) ਦੀ ਜਮੀਨ ਉਪਰ ਕਬਜ਼ਾ ਕਰਨ ਅਤੇ ਹੁਣ ਗੁਰਦੂਆਰਾ ਸਾਹਿਬ ਨੂੰ ਖ਼ਾਲੀ ਕਰਵਾਉਣ ਦੀ ਚੱਲ ਰਹੀ ਮੁਹਿੰਮ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਜਿੱਥੇ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਤੋਂ ਅਪਣੇ ਹੱਕ ’ਚ ਹੋਏ ਫੈਸਲੇ ਦੇ ਚੱਲਦੇ ਇਸ ਜਗ੍ਹਾਂ ਨੂੰ ਅਪਣੇ ਅਧੀਨ ਲੈਣ ਲਈ ਕਾਹਲੀ ਹੈ, ਉਥੇ ਦੂਜੇ ਪਾਸੇ ਸੂਬੇ ਭਰ ਦਾ ਰਵੀਦਾਸੀਆਂ ਭਾਈਚਾਰਾਂ ਵੀ ਕਮੇਟੀ ਦੇ ਇਸ ਫੈਸਲੇ ਵਿਰੁਧ ਇਕਜੁਟ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਇਸ ਮਸਲੇ ਵਿਚ ਵਿਸੇਸ ਤੌਰ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਦਮਦਮਾ ਸਾਹਿਬ ਪੁੱਜੇ, ਜਿੱਥੇ ਉਹ ਕਈ ਘੰਟੇ ਉਕਤ ਗੁਰਦੂਆਰਾ ਸਾਹਿਬ ਵਿਖੇ ਠਹਿਰੇ ਅਤੇ ਇਸ ਦੌਰਾਨ ਉਨ੍ਹਾਂ ਗੁਰਦੂਆਰਾ ਸਾਹਿਬ ਦੀ ਕਮੇਟੀ ਅਤੇ ਹੋਰਨਾਂ ਆਗੂਆਂ ਨਾਲ ਗੱਲਬਾਤ ਕੀਤੀ। ਦੂਜੇ ਪਾਸੇ ਇਸ ਮਸਲੇ ’ਚ ਦਲਿਤ ਆਗੂਆਂ ਦੀ ਬਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ 17 ਮਈ ਤੱਕ ਮਸਲਾ ਹੱਲ ਨਾ ਹੋਇਆ ਤਾਂ ਉਹ 22 ਨੂੰ ‘ਪੰਜਾਬ ਬੰਦ’ ਦਾ ਦਿੱਤਾ ਕਰਨਗੇ। ਉਧਰ ਇਸ ਮਸਲੇ ਦੇ ਹੱਲ ਲਈ ਅੱਜ ਸਾਰਾ ਦਿਨ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਤੇ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਵਲੋਂ ਦੋਨਾਂ ਧਿਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਆਖ਼ਰ ਤੱਕ ਕੋਈ ਫੈਸਲਾ ਨਾ ਹੋ ਸਕਿਆ। ਹਾਲਾਂਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਧਿਰ ਵਲੋਂ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਨੇ ਦਾਅਵਾ ਕੀਤਾ ਕਿ ਦੋਨਾਂ ਧਿਰਾਂ ਦਾ ਰਵੱਈਆ ਹਾਂਪੱਖੀ ਸੀ ਤੇ ਉਹ ਉਮੀਦ ਕਰਦੇ ਹਨ ਕਿ ਮਸਲੇ ਦਾ ਹੱਲ ਸ਼ਾਂਤੀਪੂਰਵਕ ਤਰੀਕੇ ਨਾਲ ਨਿਕਲ ਆਵੇਗਾ। ਉਧਰ ਬੁੰਗਾ ਨਾਨਕਸਰ ਵਿਖੇ ਇਕੱਠੇ ਹੋਏ ਵੱਡੀ ਗਿਣਤੀ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਦੌਰਾਨ ਵੱਖ ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਉਪਰ ਦਲਿਤ ਭਾਈਚਾਰੇ ਨੂੰ ਜਾਣ ਬੁੱਝ ਕੇ ਗੁਰੂਘਰਾਂ ਤੋਂ ਦੂਰ ਕਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਡੇਰਾ ਸੱਚਖੰਡ ਪੰਡਵਾ ਫਗਵਾੜਾ ਦੇ ਧਾਰਮਿਕ ਆਗੂਆਂ ਤੋਂ ਇਲਾਵਾ ਡਾਕਟਰ ਜਸਵਿੰਦਰ ਸਿੰਘ ਮੱਟੂ, ਹਰਵਿੰਦਰ ਸਿੰਘ ਰੰਗਰੇਟਾ ਦਲ, ਬਾਬਾ ਮੁਹਿੰਦਰਪਾਲ ਸਿੰਘ, ਬਸਪਾ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ। ਦੂਜੇ ਪਾਸੇ ਇਕੱਤਰਤਾ ਵਿੱਚ ਸ਼ਾਮਲ ਹੋਣ ਉਪਰੰਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਹ ਮਸਲਾ ਸਿੱਖ ਧਰਮ ਦਾ ਅੰਦਰੂਨੀ ਹੈ।ਇਸ ਲਈ ਉਹ ਖੁਦ ਦਖ਼ਲ ਦੇ ਕੇ ਮਸਲੇ ਦਾ ਹੱਲ ਕਰਵਾਉਣ।ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਕਿਹਾ ਕਿ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਉਨ੍ਹਾਂ ਦੀ ਸਹਿਮਤੀ ਮੁਤਾਬਿਕ ਹੀ ਫੈਸਲਾ ਲਿਆ ਜਾਵੇ। ਇਸ ਮੌਕੇ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲ੍ਹਣ, ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਅਤੇ ਦਲਿਤ ਮਹਾਂ ਪੰਚਾਇਤ ਦੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ 17 ਮਈ ਨੂੰ ਡੀਸੀ ਬਠਿੰਡਾ ਮੌਕਾ ਦੇਖਣ ਲਈ ਤਲਵੰਡੀ ਸਾਬੋ ਪੁੱਜ ਰਹੇ ਹਨ।
Share the post "ਗੁਰਦੁਆਰਾ ਬੁੰਗਾ ਨਾਨਕਸਰ ਦੀ ਜ਼ਮੀਨ ’ਤੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਦਾ ਮਾਮਲਾ ਗਰਮਾਇਆ"