ਡਾਇਰੈਕਟਰ ਦੀ ਅਗਵਾਈ ਹੇਠ ਅੰਤਰਰਾਜ਼ੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਲੰਘੇ ਸੀਜ਼ਨ ਦੌਰਾਨ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਨੇ ਇਸ ਵਾਰ ਰੋਕਥਾਮ ਲਈ ਅਗੇਤੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਵਿਭਾਗ ਦੇ ਨਵਨਿਯੁਕਤ ਡਾਇਰੈਕਟਰ ਤੇ ਕਾਟਨ ਦੀ ਫ਼ਸਲ ਦੇ ਮਾਹਰ ਮੰਨੇ ਜਾਂਦੇ ਡਾ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਖੇਤੀ ਭਵਨ ’ਚ ਅੱਜ ਚੌਥੀ “ਅੰਤਰ ਰਾਜ ਸਲਾਹਕਾਰ ਅਤੇ ਨਿਗਰਾਨੀ ਕਮੇਟੀ” ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਹਰਿਆਣਾ ਤੇ ਰਾਜਸਥਾਨ ਦੇ ਅਧਿਕਾਰੀਆਂ ਤੋਂ ਇਲਾਵਾ ਮਾਲਵਾ ਪੱਟੀ ਦੇ ਖੇਤੀਬਾੜੀ ਅਫ਼ਸਰ ਵੀ ਪੁੱਜੇ। ਮੀਟਿੰਗ ਦੌਰਾਨ ਮਾਹਰਾਂ ਨੂੰ ਸਾਵਧਾਨ ਕਰਦਿਆਂ ਡਾਇਰੇਕਟਰ ਡਾ ਗੁਰਵਿੰਦਰ ਸਿੰਘ ਨੇ ਗੁਲਾਬੀ ਕੀੜੇ ਦੀ ਨਿਯਮਤ ਨਿਗਰਾਨੀ ਅਤੇ ਇਸ ਦੇ ਪ੍ਰਬੰਧਨ ਲਈ ਸਿਖਲਾਈ ਕੈਂਪਾਂ ‘ਤੇ ਜੋਰ ਦਿੰਦਿਆਂ ਰਣਨੀਤੀ ਬਣਾਉਣ ਲਈ ਕਿਹਾ। ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਪਾਖਰ ਸਿੰਘ ਨੇ ਪਿਛਲੇ ਸੀਜ਼ਨ ਦੇ ਤਜਰਬੇ ਸ਼ਾਂਝੇ ਕਰਦਿਆਂ ਦਸਿਆ ਕਿ ਬਠਿੰਡਾ ਅਤੇ ਤਲਵੰਡੀ ਸਾਬੋ ਬਲਾਕਾਂ ਵਿੱਚ ਗੁਲਾਬੀ ਕੀੜੇ ਦੀ ਆਮਦ ਕਾਫੀ ਜਿਆਦਾ ਰਹੀ। ਮੀਟਿੰਗ ਦੌਰਾਨ ਡਾ: ਐਸ ਕੇ ਵਰਮਾ ਮੁੱਖੀ ਸੀਆਈਸੀਆਰ ਖੇਤਰੀ ਸਟੇਸਨ ਸਿਰਸਾ ਨੇ ਦੱਸਿਆ ਕਿ ਰਾਜਸਥਾਨ ਰਾਜ ਦੇ ਮੁਕਾਬਲੇ ਪੰਜਾਬ ਅਤੇ ਹਰਿਆਣਾ ਵਿੱਚ ਗੁਲਾਬੀ ਸੁੰਡੀ ਦੀ ਲਾਗ ਵਧੇਰੇ ਹੈ ਤੇ ਇਸਦੀ ਅੱਗਿਓ ਰੋਕਥਾਮ ਰੋਕਣ ਲਈ ਸਮੇਂ ਸਿਰ ਕਾਰਵਾਈ ਕਰਨ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਸਟਿਕਸ ਦੇ ਪ੍ਰਬੰਧਨ ਅਤੇ ਗਿੰਨਿੰਗ ਫੈਕਟਰੀਆਂ/ਤੇਲ ਕੱਢਣ ਵਾਲੀਆਂ ਮਿੱਲਾਂ ਵਿੱਚ ਖਾਸ ਤੌਰ ‘ਤੇ ਬੰਦ ਸੀਜਨ ਦੌਰਾਨ ਕੀੜਿਆਂ ਦੇ ਢੋਆ-ਢੁਆਈ ਨੂੰ ਘਟਾਉਣ ਲਈ ਕੀਤੀਆਂ ਜਾਣ ਵਾਲੀਆਂ ਪ੍ਰਬੰਧਨ ਕਾਰਵਾਈਆਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਬਾਅਦ ਜਿੰਨਿੰਗ ਫੈਕਟਰੀਆਂ/ਤੇਲ ਕੱਢਣ ਵਾਲੀਆਂ ਮਿੱਲਾਂ ਦੇ ਨੁਮਾਇੰਦਿਆਂ, ਐਸਏਯੂ ਦੇ ਵਿਗਿਆਨੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਸਾਰੇ ਹਿੱਸੇਦਾਰਾਂ ਨੇ ਸਮੂਹ ਚਰਚਾ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਕਪਾਹ ਉਤਪਾਦਕਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਲਈ ਸਿਖਲਾਈ ਕੈਂਪ ਲਗਾਉਣ, ਮਨਰੇਗਾ ਸਕੀਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਤੇ ਜ਼ਿਲ੍ਹਾ ਪਸ਼ਾਸਨ ਨੂੰ ਸਾਮਲ ਕਰਕੇ ਫਰਵਰੀ-ਮਾਰਚ ਵਿੱਚ ਕਪਾਹ ਦੇ ਬਚੇ ਹੋਏ ਕਪਾਹ ਛਟੀਆਂ ਨੂੰ ਪੂਰੀ ਤਰ੍ਹਾਂ ਨਸਟ ਕਰਨ, ਜਿਨਿੰਗ ਫੈਕਟਰੀਆਂ/ਤੇਲ ਕੱਢਣ ਵਾਲੀ ਮਿੱਲ ਨਾਲ ਆਨਲਾਈਨ ਮੀਟਿੰਗ ਜਨਵਰੀ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨ ਅਤੇ ਕਿਸਾਨਾਂ ਨੂੰ ਯੁਨੀਵਰਸਿਟੀ ਵਲੋਂ ਸਿਫਾਰਸ ਕੀਤੇ ਬੀਟੀ ਕਪਾਹ ਹਾਈਬਿ੍ਰਡ ਦੀ ਸੂਚੀ ਜਲਦੀ ਤੋਂ ਜਲਦੀ ਪ੍ਰਦਾਨ ਕਰਨ ਲਈ ਕਿਹਾ ਗਿਆ।
ਗੁਲਾਬੀ ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵਲੋਂ ਅਗੇਤੀਆਂ ਤਿਆਰੀਆਂ
5 Views