ਅਰਸ਼ ਡਾਲਾ ਦੇ ਦੋ ਸਾਥੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੀ ਸੂਚਨਾ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਜ਼ਿਲ੍ਹੇ ਦੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਦੇ ਇੱਕ ਘੋੜਿਆ ਦੇ ਵਪਾਰੀ ਕੋਲੋ 20 ਲੱਖ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਵਲੋਂ ਗੈਂਗਸਟਰ ਅਰਸ਼ ਡਾਲਾ ਸਹਿਤ ਤਿੰਨ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧ ਵਿਚ ਪੀੜਤ ਵਪਾਰੀ ਹਰਪ੍ਰੀਤ ਸਿੰਘ ਉਰਫ਼ ਗੋਰਾ ਵਲੋਂ ਪੁਲਿਸ ਨੂੰ ਸਿਕਾਇਤ ਦਿੱਤੀ ਗਈ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਲੰਘੀ 7 ਫਰਵਰੀ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ, ਜਿਸਨੇ ਖੁਦ ਨੂੰ ਅਰਸ਼ ਡਾਲਾ ਦੱਸਦਿਆਂ 20 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ। ਮਾਮਲਾ ਪੁਲਿਸ ਕੋਲ ਪੁੱਜਣ ਤੋਂ ਬਾਅਦ ਜਦ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਫ਼ਿਰੌਤੀ ਦੇ ਮਾਮਲੇ ਵਿਚ ਅਰਸ਼ ਡਾਲਾਂ ਤੋਂ ਇਲਾਵਾ ਲਵਪ੍ਰੀਤ ਸਿੰਘ ਵਾਸੀ ਭੁੱਚੋ ਅਤੇ ਸੁਖਦੀਪ ਸਿੰਘ ਉਰਫ ਸੁੱਖਾ ਨਿਵਾਸੀ ਤਖਤਮਲ ਹਰਿਆਣਾ ਵੀ ਸ਼ਾਮਲ ਹਨ। ਜਿਸਤੋਂ ਬਾਅਦ ਪੁਲਿਸ ਨੇ ਬੀਤੀ ਦੇਰ ਰਾਤ ਉਕਤ ਤਿੰਨਾਂ ਵਿਰੁਧ ਥਾਣਾ ਸੰਗਤ ਵਿਚ ਮੁਕੱਦਮਾ ਨੰਬਰ 14 ਅਧੀਨ ਧਾਰਾ 387,506 ਅਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਸਪੈਸ਼ਲ ਸਟਾਫ਼ ਵਲੋਂ ਅਰਸ਼ ਡਾਲਾ ਦੇ ਦੋਨਾਂ ਸਾਥੀਆਂ ਲਵਪ੍ਰੀਤ ਸਿੰਘ ਅਤੇ ਸੁਖਦੀਪ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਿਸਦੇ ਬਾਰੇ ਭਲਕੇ ਐਸਐਸਪੀ ਵਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਹਰਪ੍ਰੀਤ ਅਤੇ ਸੁਖਦੀਪ ਵਿਰੁਧ ਪਹਿਲਾਂ ਵੀ ਕਈ ਕਈ ਪਰਚੇ ਦਰਜ ਹਨ। ਉਧਰ ਅਰਸ਼ ਡਾਲਾ ਅਤੇ ਸਾਥੀਆਂ ਵੱਲੋਂ ਫਿਰੌਤੀ ਮੰਗਣ ਦੇ ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਹੈ ਇਸ ਸਬੰਧ ਵਿਚ ਥਾਣਾ ਸੰਗਤ ਸਿਕਾਇਤਕਰਤਾ ਹਰਪਰੀਤ ਸਿੰਘ ਦੇ ਬਿਆਨਾਂ ਉੱਪਰ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਲੱਭਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Share the post "ਘੋੜਿਆਂ ਦੇ ਵਪਾਰੀ ਤੋਂ 20 ਲੱਖ ਦੀ ਫਿਰੌਤੀ ਮੰਗਣ ’ਤੇ ਗੈਂਗਸਟਰ ਅਰਸ਼ ਡਾਲਾ ਸਹਿਤ ਤਿੰਨ ਵਿਰੁਧ ਪਰਚਾ ਦਰਜ਼"