ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸ਼ੁੱਧ ਪਾਣੀ ਨੂੰ ਤਰਸੇ ਪਿੰਡ ਕੋਟਗੁਰੂ ਦੇ ਵਾਸੀ
ਅੰਗਰੇਜ ਸਿੰਘ ਵਿੱਕੀ
ਬਠਿੰਡਾ, 3 ਮਾਰਚ: ਬਲਾਕ ਸੰਗਤ ਅਧੀਨ ਪੈਂਦੇ ਪਿੰਡ ਕੋਟਗੁਰੂ ਦਾ ਪਾਣੀ ਵਾਲਾ ਆਰ.ਓ. ਇੰਨੀ ਦਿਨੀਂ ਚਿੱਟਾ ਹਾਥੀ ਬਣ ਚੁੱਕਾ ਹੈ। ਜਿਸ ਕਰਕੇ ਮਜਬੂਰੀਵੱਸ ਪਿੰਡ ਵਾਸੀਆਂ ਨੂੰ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਪਿੰਡ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਆਰ.ਓ. ਲਗਾਇਆ ਗਿਆ ਸੀ। ਪ੍ਰੰਤੂ ਇਸ ਦੀ ਸਹੀ ਸੰਭਾਲ ਨਾ ਹੋਣ ਕਰਕੇ ਲੱਖਾਂ ਰੁਪਏ ਦੀ ਕੀਮਤ ਦਾ ਇਹ ਆਰ.ਓ. ਖੰਡਰ ਬਣਦਾ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿੰਡ ਮੁੱਖ ਜਿੰਮੇਵਾਰ ਲੋਕ ਵੀ ਇਸ ਬਾਬਤ ਵੱਡੀ ਲਾਪਰਵਾਹੀ ਹੀ ਵਰਤ ਰਹੇ ਹਨ। ਦੂਜੇ ਪਾਸੇ ਪਿੰਡ ਦੇ ਬਣੇ ਜਲ ਘਰ ਦੀ ਮੁੱਖ ਪਾਣੀ ਵਾਲੀ ਪਾਇਪ ਵੀ ਬੰਦ ਹੋਣ ਕਰਕੇ ਪਾਣੀ ਦੀ ਪੂਰੀ ਸਪਲਾਈ ਨਹੀਂ ਮਿਲਦੀ। ਪਿੰਡ ਦੇ ਕੁੱਝ ਸਰਦੇ-ਪੁੱਜਦੇ ਲੋਕ ਤਾਂ ਆਸ-ਪਾਸ ਦੇ ਪਿੰਡਾਂ ਤੋਂ ਸੁੱਧ ਪਾਣੀ ਮੰਗਵਾ/ਖਰੀਦ ਲੈਂਦੇ ਹਨ, ਪ੍ਰੰਤੂ ਪਿੰਡ ਦੇ ਗਰੀਬ ਲੋਕਾਂ ਨੂੰ ਮਜਬੂਰੀਵੱਸ ਅਸੁੱਧ ਪਾਣੀ ਹੀ ਪੀਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਆਰ.ਓ. ਚਾਲੂ ਕਰਵਾਕੇ ਅਤੇ ਜਲ ਘਰ ਦੀ ਸਪਲਾਈ ਦਰੁਸਤ ਕਰਕੇ ਉਹਨਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ, ਤਾਂ ਜੋ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਪਿੰਡ ਵਾਸੀ ਬਲਵਿੰਦਰ ਸਿੰਘ, ਅਵਤਾਰ ਸਿੰਘ, ਜੋਧ ਸਿੰਘ, ਬਲਕਰਨ ਸਿੰਘ, ਅਤੇ ਦਰਸ਼ਨ ਸਿੰਘ ਨੇ ਇਸ ਮਸਲੇ ਵੱਲ ਮੀਡੀਆ ਰਾਹੀਂ ਆਪਣੀ ਆਵਾਜ ਚੁੱਕੀ ਹੈ ਕਿ ਸਰਕਾਰ ਨੂੰ ਤੁਰੰਤ ਇਸ ਆਰ.ਓ. ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਚਿੱਟਾ ਹਾਥੀ ਬਣਿਆ ਪਿੰਡ ਕੋਟ ਗੁਰੂ ਦਾ ਪਾਣੀ ਵਾਲਾ ਆਰ.ਓ.
6 Views