ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ’ਤੇ ਲੱਗੇ ਹਿੱਸਾਪੱਤੀ ਮੰਗਣ ਦੇ ਦੋਸ਼
ਠੇਕੇਦਾਰਾਂ ਨੇ ਹਿੱਸਾਪੱਤੀ ਨਾ ਦੇਣ ’ਤੇ ਅਧਿਕਾਰੀਆਂ ਉਪਰ ਵਿਕਾਸ ਕੰਮਾਂ ਦੇ ਟੈਂਡਰ ਰੱਦ ਕਰਨ ਦੇ ਲਗਾਏ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 29 ਸਤੰਬਰ -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਵੀ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਲੋਕ ਨਿਰਮਾਣ ਵਿਭਾਗ ’ਚ ਮੁੜ ਭਿ੍ਰਸਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਇੰਨ੍ਹਾਂ ਗੰਭੀਰ ਦੋਸ਼ਾਂ ਕਾਰਨ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਿ੍ਰਸਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਦਾਅਦਿਆਂ ਦੀ ਇੱਕ ਹਫ਼ਤੇ ਵਿਚ ਹੀ ਫ਼ੂਕ ਨਿਕਲ ਗਈ ਹੈ। ਮਾਲਵਾ ਪੱਟੀ ਦੇ ਦਰਜ਼ਨਾਂ ਠੇਕੇਦਾਰਾਂ ਨੇ ਅੱਜ ਇੱਕ ਪੱਤਰਕਾਰ ਵਾਰਤਾ ਦੌਰਾਨ ਵਿਭਾਗ ਦੇ ਅਧਿਕਾਰੀਆਂ ਉਪਰ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ 6 ਫ਼ੀਸਦੀ ਹਿੱਸਾਪੱਤੀ ਦੇਣ ਤੋਂ ਇੰਨਕਾਰ ਕਰਨ ’ਤੇ ਸਰਕਾਰ ਦੁਆਰਾ ਵਿਕਾਸ ਕੰਮਾਂ ਦੇ ਲਗਾਏ ਕਰੋੜਾਂ ਦੇ ਟੈਂਡਰ ਹੀ ਰੱਦ ਕਰ ਦਿੱਤੇ। ਦਾ ਬਠਿੰਡਾ ਹੋਟ ਮਿਕਸ ਪਲਾਟ ਆਨਰ ਐਸੋਸੀਏਸਨ ਦੇ ਝੰਡੇ ਹੇਠ ਪ੍ਰਧਾਨ ਤਾਰਾ ਸਿੰਘ ਆਹਲੂਵਾਲੀਆ, ਅਜੈ ਗੋਇਲ, ਯਸਪਾਲ ਜੈਨ, ਮੋਹਿਤ ਗਰਗ, ਯੋਗੇਸ਼ ਕੁਮਾਰ ਆਦਿ ਠੇਕੇਦਾਰਾਂ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਮੰੀਕਰਨ ਬੋਰਡ ਦੇ ਫੰਡਾਂ ਨਾਲ ਬਠਿੰਡਾ ਦੇ ਕਰੀਬ ਡੇਢ ਦਰਜ਼ਨ ਿਕ ਸੜਕਾਂ ਦੇ ਨਿਰਮਾਣ ਲਈ 30 ਕਰੋੜ ਰੂਪੇ ਦੇ ਟੈਂਡਰ 3 ਸਤੰਬਰ ਨੂੰ ਖੋਲੇ ਗਏ ਸਨ, ਜਿੰਨ੍ਹਾਂ ਨੂੰ 6 ਸਤੰਬਰ ਨੂੰ ਬੰਦ ਕਰ ਦਿੱਤਾ ਗਿਆ ਸੀ। ਪ੍ਰੰਤੂ ਇੰਨ੍ਹਾਂ ਟੈਂਡਰਾਂ ਨੂੰ ਪਾਸ ਕਰਨ ਬਦਲੇ ਵਿਭਾਗ ਦੇ ਐਸ.ਈ. ਗੁਰਮੁਖ ਸਿੰਘ ਤੇ ਮੁੱਖ ਇੰਜੀਨੀਅਰ ਅਮਰਦੀਪ ਸਿੰਘ ਬਰਾੜ ਦੁਆਰਾ ਕਥਿਤ ਤੌਰ ’ਤੇ 6 ਫ਼ੀਸਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਸੀ। ਠੇਕੇਦਾਰਾਂ ਮੁਤਾਬਕ ਉਨ੍ਹਾਂ ਇਹ ਕਮਿਸ਼ਨ ਦੇਣ ਤੋਂ ਇੰਨਕਾਰ ਕਰ ਦਿੱਤਾ, ਜਿਸ ਕਾਰਨ ਅੱਜ ਐਸ.ਈ ਗੁਰਮੁਖ ਸਿੰਘ ਨੇ ਚੀਫ਼ ਇੰਜੀਨੀਅਰ ਅਮਰਦੀਪ ਸਿੰਘ ਬਰਾੜ ਦੇ ਹੁਕਮਾਂ ਨਾਲ ਇਹ ਟੈਂਡਰ ਰੱਦ ਕਰ ਦਿੱਤੇ। ਠੇਕੇਦਾਰਾਂ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਬਾਕਸ
ਠੇਕੇਦਾਰਾਂ ਨੇ ਪੂਲ ਕਰਕੇ ਪਾਏ ਸਨ ਟੈਂਡਰ: ਐਸ.ਈ
ਬਠਿੰਡਾ: ਉਧਰ ਅਪਣੇ ’ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਵਿਭਾਗ ਦੇ ਐਸ.ਈ. ਗੁਰਮੁਖ ਸਿੰਘ ਨੇ ਦਾਅਵਾ ਕੀਤਾ ਕਿ ਪੱਤਰਕਾਰ ਵਾਰਤਾ ਕਰਨ ਵਾਲੇ ਠੇਕੇਦਾਰਾਂ ਨੇ ਪੂਲ ਕਰਕੇ ਟੈਂਡਰ ਪਾਏ ਸਨ, ਜਿਸਦੇ ਬਾਰੇ ਇੱਕ ਠੇਕੇਦਾਰ ਨੇ ਸਿਕਾਇਤ ਕੀਤੀ ਸੀ। ਪੜਤਾਲ ਦੌਰਾਨ ਇਹ ਗੱਲ ਸਾਬਤ ਹੋਣ ’ਤੇ ਉਨਾਂ ਵਲੋਂ ਮੁੱਖ ਦਫ਼ਤਰ ਦੀਆਂ ਹਿਦਾਇਤਾਂ ਤੋਂ ਬਾਅਦ ਇਹ ਟੈਂਡਰ ਪਿੱਛੇ ਪਾਏ ਗਏ ਹਨ। ਉਧਰ ਚੀਫ਼ ਇੰਜੀਨੀਅਰ ਅਮਰਦੀਪ ਸਿੰਘ ਬਰਾੜ ਨੇ ਇੰਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਮੁੱਖ ਮੰਤਰੀ ਕੋਲ ਟੈਂਡਰ ਪੂਲ ਪਾਏ ਹੋਣ ਦੀ ਸਿਕਾਇਤ ਆਈ ਸੀ, ਜਿਸਦੇ ਆਧਾਰ ’ਤੇ ਇਹ ਟੈਂਡਰ ਰੱਦ ਕਰਕੇ ਨਵੇਂ ਸਿਰੇ ਤੋਂ ਮੰਗੇ ਗਏ ਹਨ।