ਸੁਖਜਿੰਦਰ ਮਾਨ
ਬਠਿੰਡਾ, 1 ਅ੍ਰਪੈਲ: ਬੀਤੇ ਕੱਲ ਫ਼ਰੀਦਕੋਟ ਦੇ ਸ਼ਹਿਰ ਜੈਤੋ ਮੰਡੀ ’ਚ ਆਪ ਦੇ ਸਥਾਨਕ ਵਿਧਾਇਕ ਦੀ ਸ਼ਹਿ ’ਤੇ ਟਰੱਕ ਯੂਨੀਅਨ ਉਪਰ ਜਬਰੀ ਕਬਜ਼ਾ ਕਰਨ ਦੇ ਲੱਗੇ ਦੋਸ਼ਾਂ ਦਾ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ ਸੀ ਕਿ ਬਠਿੰਡਾ ਦੀ ਰਾਮਾ ਮੰਡੀ ਵਿਚ ਵੀ ਆਪ ਆਗੂਆਂ ਉਪਰ ਅਜਿਹੇ ਦੋਸ਼ ਲੱਗੇ ਹਨ। ਜਿਸਦੇ ਵਿਰੋਧ ਵਿਚ ਟਰੱਕ ਅਪਰੇਟਰਾਂ ਵਲੋਂ ਧਰਨਾ ਵੀ ਲਗਾਇਆ ਗਿਆ। ਯੂਨੀਅਨ ਦੇ ਕੁੱਝ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਦੀ ਵਿਧਾਇਕਾ ਦੇ ਨਿੱਜੀ ਸਹਾਇਕ ਅਤੇ ਕੁੱਝ ਆਪ ਆਗੂ ਵੱਡੀ ਗਿਣਤੀ ਵਿਚ ਅਪਣੇ ਸਮਰਥਕਾਂ ਨਾਲ ਬੀਤੀ ਸ਼ਾਮ ਟਰੱਕ ਯੂਨੀਅਨ ਰਾਮਾ ਮੰਡੀ ਵਿਚ ਆਏ ਤੇ ਉਨ੍ਹਾਂ ਟਰੱਕ ਅਪਰੇਟਰਾਂ ਨੂੰ ਬਿਨ੍ਹਾਂ ਵਿਸ਼ਾਵਸ ਵਿਚ ਲਏ ਯੂਨੀਅਨ ਦਾ ਪ੍ਰਬੰਧ ਚਲਾਉਣ ਲਈ ਸੱਤ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ। ਜਿਸਤੋਂ ਬਾਅਦ ਗੁੱਸੇ ਵਿਚ ਆਏ ਟਰੱਕ ਆਪਰੇਟਰਾਂ ਨੇ ਤਲਵੰਡੀ ਸਾਬੋ-ਰਾਮਾ ਮੰਡੀ ਰੋਡ ‘ਤੇ ਧਰਨਾ ਲਗਾ ਦਿੱਤਾ। ਇਸ ਮੌਕੇ ਟਰੱਕ ਅਪਰੇਟਰਾਂ ਨੇ ਦੋਸ਼ ਲਗਾਇਆ ਕਿ ਸਿਆਸੀ ਦਖ਼ਲਅੰਦਾਜ਼ੀ ਤੋਂ ਦੁਖੀ ਜਿਅਦਾਤਰ ਟਰੱਕ ਅਪਰੇਟਰਾਂ ਨੇ ਇੰਨ੍ਹਾਂ ਚੋਣ ਵਿਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ, ਪਰੰਤੂ ਇਸ ਪਾਰਟੀ ਦੇ ਆਗੂ ਵੀ ਹੁਣ ਰਿਵਾਇਤੀ ਪਾਰਟੀਆਂ ਦੇ ਨਕਸ਼ੇ ਕਦਮ ਚੱਲ ਪਏ ਹਨ। ਹਾਲਾਂਕਿ ਇਸ ਦੌਰਾਨ ਆਪ ਆਗੂਆਂ ਨੇ ਧੱਕੇਸ਼ਾਹੀ ਜਾਂ ਕਬਜ਼ੇ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਹ ਫੈਸਲਾ ਅਪਰੇਟਰਾਂ ਦੀ ਸਹਿਮਤੀ ਨਾਂਲ ਕੀਤੀ ਗਿਆ ਹੈ।
Share the post "ਜੈਤੋ ਤੋਂ ਬਾਅਦ ਆਪ ਆਗੂਆਂ ’ਤੇ ਰਾਮਾ ਮੰਡੀ ਟਰੱਕ ਯੂਨੀਅਨ ’ਤੇ ਜ਼ਬਰੀ ਕਬਜ਼ੇ ਦੇ ਲੱਗੇ ਦੋਸ਼"