12ਵੀਂ ਸ਼੍ਰੇਣੀ ਦੇ ਜੌਗਰਫ਼ੀ ਦਾ ਪੇਪਰ ਪੈਟਰਨ ਅਨੁਸਾਰ ਨਾ ਹੋਣ ਕਰਕੇ ਵਿਸ਼ੇਸ਼ ਅੰਕਾਂ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 9 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਵਿਦਿਆਰਥੀਆਂ ਦੇ ਵਿਸ਼ਾ ਭੂਗੋਲ (ਜੌਗਰਫ਼ੀ) ਦੀ ਮਈ 2022 ਵਿੱਚ ਲਈ ਗਈ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਪੇਪਰ ਬੋਰਡ ਵੱਲੋਂ ਨਿਰਧਾਰਤ ਪਾਠਕ੍ਰਮ/ਪੈਟਰਨ (ਰੂਪ-ਰੇਖਾ) ਅਨੁਸਾਰ ਨਾ ਹੋਣ ਕਾਰਨ 11 ਹਜ਼ਾਰ ਵਿਦਿਆਰਥੀਆਂ ਦੇ ਹੋਏ 15 ਅੰਕਾਂ ਦੇ ਨੁਕਸਾਨ ਦੀ ਪੂਰਤੀ ਲਈ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਅਤੇ ਉਪ-ਚੇਅਰਮੈਨ ਸ਼੍ਰੀ ਵਰਿੰਦਰ ਭਾਟੀਆ ਨਾਲ ਮੁਲਾਕਾਤ ਕਰਦਿਆਂ ਮੰਗ-ਪੱਤਰ ਦਿੱਤਾ। ਜੱਥੇਬੰਦੀਆਂ ਦੇ ਆਗੂਆਂ ਨੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਨੇ ਦੱਸਿਆ ਕਿ ਪੇਪਰ ਦੇ ਦੂਜੇ ਭਾਗ ਵਿੱਚ ਅਧਿਆਇ ਨੰ: 9 ਵਿੱਚੋਂ 4-4 ਅੰਕਾਂ ਦੇ 2 ਪ੍ਰਸ਼ਨ ਪੁੱਛੇ ਜਾਣੇ ਸਨ, ਜੋ ਕਿ ਨਹੀਂ ਪੁੱਛੇ ਗਏ। ਜਿਸ ਨਾਲ ਵਿਦਿਆਰਥੀਆਂ ਦਾ 8 ਅੰਕਾਂ ਦਾ ਨੁਕਸਾਨ ਹੋਵੇਗਾ। ਭਾਗ ਤੀਜਾ ਦੇ ਪ੍ਰਸ਼ਨ ਨੰ: 11 ਦਾ ਇੱਕ ਪੈਰ੍ਹਾ 4 ਅੰਕਾਂ ਦਾ ਜੋ ਅਧਿਆਇ ਨੰ: 9 ਵਿੱਚੋਂ ਹੀ ਪੁੱਛਿਆ ਜਾਣਾ ਸੀ, ਪਰੰਤੂ ਨਹੀਂ ਪੁੱਛਿਆ ਗਿਆ। ਇੱਥੇ 4 ਅੰਕਾਂ ਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਪ੍ਰਸ਼ਨ ਨੰਬਰ 13 (ਅ) ਦੇ ਭਾਰਤ ਦੇ ਨਕਸ਼ੇ ਵਿੱਚ ਭਾਗ-5 ਅਤੇ ਭਾਗ-6 ਵਿੱਚ ਜੋ ਸਥਾਨ ਨਕਸ਼ੇ ਵਿੱਚ ਦਰਸਾਏ ਗਏ ਹਨ, ਉਹ ਪੁੱਛੇ ਗਏ ਪ੍ਰਸ਼ਨਾਂ ਨਾਲ ਮੇਲ ਨਹੀਂ ਖਾਂਦੇ। ਜਿਸ ਨਾਲ 2 ਅੰਕਾਂ ਦਾ ਨੁਕਸਾਨ ਹੁੰਦਾ ਹੈ। ਪੇਪਰ ਬਣਾਉਣ ਵਾਲੇ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੀ ਜਾਂਦੀ ਸਹਾਇਕ ਸਮੱਗਰੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ, ਜਿਸ ਨਾਲ ਵਿਦਿਆਰਥੀ ਘਬਰਾ ਗਏ ਅਤੇ ਆਉਂਦੇ ਪ੍ਰਸ਼ਨਾਂ ਦੇ ਉੱਤਰ ਵੀ ਭੁੱਲ ਗਏ। ਚੇਅਰਮੈਨ ਨੇ ਇਸ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ ਦਾ ਯਕੀਨ ਦੁਆਇਆ। ਵਫ਼ਦ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਦਿਲਬਾਗ਼ ਸਿੰਘ, ਹਰਜੋਤ ਸਿੰਘ ਬਰਾੜ, ਤੇਜਵੀਰ ਸਿੰਘ, ਜਸਵਿੰਦਰ ਸਿੰਘ, ਸ਼ੰਕਰ ਲਾਲ, ਸ਼੍ਰੀਮਤੀ ਪ੍ਰੋਮਿਲਾ, ਅਨਿੱਲ ਬਹਿਲ ਅਤੇ ਗੁਰਵਿੰਦਰ ਸਿੰਘ ਸ਼ਾਮਿਲ ਸਨ।
ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲਿਆ
10 Views