ਬਠਿੰਡਾ ’ਚ ਸੱਤ ਕਲੌਨੀਆਂ ਦੇ 1400 ਵਾਸਿੰਦਿਆਂ ਨੂੰ ਹੋਵੇਗਾ 15 ਕਰੋੜ ਦਾ ਫ਼ਾਈਦਾ: ਅਗਰਵਾਲ
ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ: ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਨਗਰ ਸੁਧਾਰ ਟਰੱਸਟ ਅਧੀਨ ਵਿਕਸਤ ਹੋਈਆਂ ਕਲੌਨੀਆਂ ’ਚ ਵੱਖ ਵੱਖ ਸਮੇਂ ਕੀਮਤਾਂ ’ਚ ਹੋਏ ਵਾਧੇ ’ਤੇ ਲੱਗਦੇ ਵਿਆਜ ’ਚ ਕਟੌਤੀ ਦਾ ਬਠਿੰਡਾ ਵਾਸੀਆਂ ਨੂੰ ਵੱਡਾ ਫ਼ਾਈਦਾ ਹੋਵੇਗਾ। ਅੱਜ ਇੱਥੇ ਸਪੋਕਸਮੈਨ ਨਾਲ ਵਿਸੇਸ ਗੱਲਬਾਤ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ.ਅਗਰਵਾਲ ਨੇ ਦਸਿਆ ਕਿ ਲੰਮੇ ਸਮੇਂ ਤੋਂ ਕਲੌਨੀ ਵਾਸੀਆਂ ਵਲੋਂ ਵਿਆਜ ’ਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸਨੂੰ ਪੂਰਾ ਕਰਨ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿਤਾ ਸੀ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਲੋਂ ਕੀਤੇ ਇਸ ਫੈਸਲੇ ਨਾਲ ਇਕੱਲੇ ਬਠਿੰਡਾ ਸ਼ਹਿਰ ਵਿਚ ਟਰੱਸਟ ਵਲੋਂ ਵਸਾਈਆਂ ਸੱਤ ਕਲੌਨੀਆਂ ’ਚ ਵਸਦੇ ਕਰੀਬ 1400 ਲੋਕਾਂ ਨੂੰ ਪੌਣੇ ਪੰਦਰਾ ਕਰੋੜ ਰੁਪਏ ਦੇ ਕਰੀਬ ਫ਼ਾਈਦਾ ਮਿਲੇਗਾ। ਚੇਅਰਮੈਨ ਅਗਰਵਾਲ ਨੇ ਦਸਿਆ ਕਿ ਪਟੇਲ ਨਗਰ, ਭਾਰਤ ਨਗਰ, ਟੈਗੋਰ ਨਗਰ, ਗਰੀਨ ਐਵਨਿਊ, ਅਮਰੀਕ ਸਿੰਘ ਰੋਡ, ਕਮਲਾ ਨਹਿਰੂ ਨਗਰ ਤੇ 1.36 ਏਕੜ ਸਕੀਮ ਵਿਚ 1391 ਅਲਾਟੀਆਂ ਵੱਲ 8.64 ਕਰੋੜ ਰੁਪਏ ਦਾ ਵਾਧਾ ਬਕਾਇਆ ਸੀ ਪ੍ਰੰਤੂ ਇਸਦਾ ਵਿਆਜ ਹੀ ਪੌਣੇ 31 ਕਰੋੜ ਰੁਪਏ ਬਣ ਚੁੱਕਿਆ ਸੀ। ਜਿਸ ਵਿਚੋਂ ਹੁਣ ਤੱਕ ਕਰੀਬ ਚਾਰ ਕਰੋੜ ਰੁਪਏ ਦਾ ਵਾਧਾ ਵਸੂਲਿਆ ਜਾ ਚੁੱਕਿਆ ਹੈ ਤੇ ਵਿਆਜ਼ ਵਜੋਂ ਸਿਰਫ਼ ਢਾਈ ਕਰੋੜ ਰੁਪਇਆ ਹੀ ਅਦਾ ਕੀਤਾ ਗਿਆ ਹੈ ਜਦੋਂਕਿ ਬਾਕੀ ਦਾ ਵਿਆਜ ਲੰਬਿਤ ਪਿਆ ਸੀ। ਚੇਅਰਮੈਨ ਅਗਰਵਾਲ ਨੇ ਦਸਿਆ ਕਿ ਹੁਣ ਬਕਾਇਆ ਵਿਆਜ ਵਿਚੋਂ ਅਲਾਟੀਆਂ ਨੂੰ ਅੱਧਾ ਮੁਆਫ਼ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਆਉਣ ਵਾਲੇ ਦਿਨਾਂ ’ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਵਿਸੇਸ ਕੈਂਪ ਲਗਵਾ ਕੇ ਬਣਦੀ ਰਾਸ਼ੀ ਭਰਾਈ ਜਾਵੇਗੀ।
ਟਰੱਸਟ ਕਲੌਨੀਆਂ ਦੇ ਇਨਹਾਸਮੈਂਟ ਵਿਆਜ ’ਚ ਕਟੌਤੀ
5 Views