ਪੁਲਿਸ ਵਲੋਂ ਨੌਹਰੇ ਦੇ ਮਾਲਕ ਕੁਲਦੀਪ ਬੰਗੀ ਤੇ ਡਰਾਈਵਰ ਦਵਿੰਦਰ ਚੰਦ ਵਿਰੁਧ ਪਰਚਾ ਦਰਜ਼
ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 9 ਜੂਨ: ਸਥਾਨਕ ਮਾਨਸਾ ਰੋਡ ’ਤੇ ਸਥਿਤ ਕੌਮੀ ਤੇਲ ਕੰਪਨੀਆਂ ਦੇ ਬਣੇ ਤੇਲ ਡਿੱਪੂਆਂ ਵਲੋਂ ਪੈਟਰੋਲ ਪੰਪਾਂ ਲਈ ਤੇਲ ਲਿਜਾਣ ਵਾਲੇ ਟੈਂਕਰਾਂ ਵਿਚੋਂ ਤੇਲ ਕੱਢਣ ਦੇ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਗੋਰਖਧੰਦੇ ਦੇ ਚੱਲਦਿਆਂ ਬੀਤੀ ਰਾਤ ਇੱਕ ਨੌਹਰੇ ਵਿਚ ਅੱਗ ਲੱਗ ਗਈ। ਹਾਲਾਂਕਿ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਤੇਲ ਟੈਂਕਰ ਕੋਲ ਖੜੀ ਪਿੱਕਅੱਪ ਗੱਡੀ ਸੜ ਕੇ ਸੁਆਹ ਹੋ ਗਈ। ਘਟਨਾ ਸਮੇਂ ਤੇਲ ਟੈਂਕਰ ਦਾ ਡਰਾਈਵਰ ਦਵਿੰਦਰ ਚੰਦ ਅਤੇ ਨੌਹਰੇ ਦਾ ਮਾਲਕ ਕੁਲਦੀਪ ਸਿੰਘ ਬੰਗੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਹੇ। ਘਟਨਾ ਦਾ ਪਤਾ ਚੱਲਦਿਆਂ ਹੀ ਆਸ ਪਾਸ ਦੇ ਲੋਕਾਂ ਵਲੋਂ ਫ਼ਾਈਰ ਬਿ੍ਰਗੇਡ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਬਾਅਦ ਕਾਫ਼ੀ ਜਦੋਜਹਿਦ ਦੇ ਚੱਲਦਿਆਂ ਅੱਗ ’ਤੇ ਕਾਬੂ ਪਾਇਆ ਗਿਆ। ਘਟਨਾ ਸਮੇਂ ਤੇਲ ਟੈਂਕਰ ਦੀ ਟੈਂਕੀ ਵਿਚ 27 ਹਜ਼ਾਰ ਲੀਟਰ ਤੇਲ ਭਰਿਆ ਹੋਇਆ ਸੀ। ਜਿਸਦੇ ਚੱਲਦੇ ਜੇਕਰ ਇਹ ਅੱਗ ਤੇਲ ਟੈਂਕਰ ਨੂੰ ਲੱਗ ਜਾਂਦੀ ਤਾਂ ਭਿਆਨਕ ਹਾਦਸਾ ਹੋ ਸਕਦਾ ਸੀ। ਗੌਰਤਲਬ ਹੈ ਕਿ ਇਸ ਇਲਾਕੇ ਵਿਚ ਨੇੜੇ-ਨੇੜੇ ਨਾ ਸਿਰਫ਼ ਤਿੰਨ ਤੇਲ ਕੰਪਨੀਆਂ ਦੇ ਤੇਲ ਡਿੱਪੂ ਹਨ ਬਲਕਿ ਇਸਦੇ ਬਿਲਕੁੱਲ ਹੀ ਨਜਦੀਕੀ ਫ਼ੌਜੀ ਛਾਉਣੀ ਹੈ, ਜਿੱਥੇ ਅਮਨੀਸ਼ਨ ਡਿੱਪੂ ਵੀ ਦਸਿਆ ਜਾ ਰਿਹਾ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇਹ ਅੱਗ ਲੱਗਣ ਦੀ ਪਹਿਲੀ ਘਟਨਾ ਨਹੀਂ, ਬਲਕਿ ਇਸਤੋਂ ਪਹਿਲਾਂ ਵੀ ਇੱਥੇ ਕਾਫ਼ੀ ਘਟਨਾਵਾਂ ਹੋ ਚੁੱਕੀਆਂ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਤੇ ਤੇਲ ਕੰਪਨੀਆਂ ਹੇਠਲੇ ਪੱਧਰ ਦੇ ਮੁਲਾਜਮਾਂ ਦੀ ਮਿਲੀਭੁਗਤ ਨਾਲ ਇਹ ਗੋਰਖ ਧੰਦਾ ਲਗਾਤਾਰ ਜਾਰੀ ਹੈ। ਜਿਸਦੇ ਕਾਰਨ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਸਮੇਂ ਅਜਿਹੀ ਵੱਡੀ ਘਟਨਾ ਵਾਪਰ ਸਕਦੀ ਹੈ, ਜਿਸਦਾ ਖਮਿਆਜ਼ਾ ਨਾ ਸਿਰਫ਼ ਬਠਿੰਡਾ ਦੇ ਲੋਕਾਂ, ਬਲਕਿ ਪੂਰੇ ਦੇਸ ਨੂੰ ਵੀ ਭੁਗਤਣਾ ਪੈ ਸਕਦਾ ਹੈ। ਹਾਲਾਂਕਿ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਐੱਚਪੀਸੀਐੱਲ ਦੇ ਡਿਪਟੀ ਮੈਨੇਜਰ ਸੁਖਵੰਤ ਸਿੰਘ ਦੀ ਸ਼ਿਕਾਇਤ ‘ਤੇ ਟਰੱਕ ਚਾਲਕ ਦਵਿੰਦਰ ਚੰਦਤੇ ਨੌਹਰੇ ਦੇ ਮਾਲਕ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿਚ ਪੁਲਿਸ ਪੂਰੀ ਨਿਰਪੱਖਤਾ ਨਾਲ ਜਾਂਚ ਕਰਕੇ ਮੁਜਰਮਾਂ ਨੂੰ ਸ਼ਜਾ ਦਿਵਾਉਂਦੀ ਹੈ ਜਾਂ ਪਹਿਲਾਂ ਦੀ ਤਰ੍ਹਾਂ ਗੋਗਲੂਆਂ ਤੋਂ ਮਿੱਟੀ ਝਾੜਣ ਦੇ ਕੰਮ ਤੱਕ ਹੀ ਸੀਮਤ ਰਹਿੰਦੀ ਹੈ।