ਸੁਖਜਿੰਦਰ ਮਾਨ
ਬਠਿੰਡਾ, 28 ਅਪਰੈਲ: ਮੈਡੀਕਲ ਖੇਤਰ ਵਿੱਚ ਭੌਤਿਕ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ ਨਾਲ ਸਥਾਨਕ ਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਨੇ ਡੀਬੀਟੀ ਸਟਾਰ ਕਾਲਜ ਯੋਜਨਾ ਤਹਿਤ ਵਿਸਥਾਰ ਭਾਸ਼ਣ ਕਰਵਾਇਆ। ਵਿਸ਼ਾ ਮਾਹਿਰ ਡਾ. ਰਾਜੀਵ ਧਵਨ, ਐਸੋਸੀਏਟ ਪ੍ਰੋਫੈਸਰ, ਰੇਡੀਓਥੈਰੇਪੀ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਅੰਮਿ੍ਰਤਸਰ ਨੇ ਮੈਡੀਕਲ ਖੇਤਰ ਵਿੱਚ ਬੁਨਿਆਦੀ ਪੱਧਰ ਤੋਂ ਲੈ ਕੇ ਉੱਨਤ ਪੱਧਰ ਤੱਕ ਦੀਆਂ ਵੱਖ-ਵੱਖ ਡਾਇਗਨੌਸਟਿਕ ਤਕਨੀਕਾਂ ਅਤੇ ਇਨ੍ਹਾਂ ਵਿਚ ਭੌਤਿਕ ਵਿਗਿਆਨ ਦੀ ਭੂਮਿਕਾ ਬਾਰੇ ਦੱਸਿਆ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ, ਡਾ. ਗੁਰਪ੍ਰੀਤ ਸਿੰਘ (ਮੁਖੀ, ਭੌਤਿਕ ਵਿਗਿਆਨ ਵਿਭਾਗ) ਅਤੇ ਡਾ. ਕੁਲਵਿੰਦਰ ਸਿੰਘ ਮਾਨ ਵਲੋਂ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ ਗਿਆ। ਡਾ.ਗੁਰਪ੍ਰੀਤ ਸਿੰਘ ਨੇ ਡਾ.ਰਾਜੀਵ ਧਵਨ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਡਾ. ਰਾਜੀਵ ਧਵਨ ਨੇ ਕੈਂਸਰ ਦੇ ਮਰੀਜਾਂ ਲਈ ਵੱਖ-ਵੱਖ ਡਾਇਗਨੌਸਟਿਕ ਤਕਨੀਕਾਂ ਅਤੇ ਇਲਾਜ ਦੇ ਤਰੀਕਿਆਂ ਬਾਰੇ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਨੇ ਕੀਮੋਥੈਰੇਪੀ, ਬ੍ਰੈਕੀ ਥੈਰੇਪੀ ਅਤੇ ਹੋਰ ਤਕਨੀਕਾਂ ਵਿੱਚ ਰੇਡੀਓਐਕਟਿਵ ਰੇਡੀਏਸ਼ਨ ਦੀ ਵਰਤੋਂ ਬਾਰੇ ਕਈ ਮਿੱਥਾਂ ਅਤੇ ਸੰਕਿਆਂ ਨੂੰ ਸਪੱਸਟ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੀ.ਐਸ.ਸੀ ਪੂਰੀ ਕਰਨ ਤੋਂ ਬਾਅਦ ਮੈਡੀਕਲ ਫਿਜਿਕਸ ਦੇ ਖੇਤਰ ਵਿੱਚ ਕੈਰੀਅਰ ਬਣਾਉਣ ਲਈ ਵੀ ਦੱਸਿਆ ਅਤੇ ਕਿਹਾ ਕਿ ਭੌਤਿਕ ਵਿਗਿਆਨ ਵਿੱਚ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਬਹੁਤ ਮੌਕੇ ਮਿਲਦੇ ਹਨ। ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ)ਦੇ ਵਿਦਿਆਰਥੀ ਅਤੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਮੈਂਬਰਾਂ ਨੇ ਇਸ ਲੈਕਚਰ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਡਾ. ਰਾਜੀਵ ਧਵਨ ਨੇ ਭੌਤਿਕ ਵਿਗਿਆਨ ਵਿਭਾਗ ਦਾ ਦੌਰਾ ਕੀਤਾ ਅਤੇ ਪ੍ਰਯੋਗਸ਼ਾਲਾ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਝਣ ਲਈ ਇਸ ਨੂੰ ਵਿਹਾਰਕ ਪੱਧਰ ‘ਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸਰਮਾ ਨੇ ਜਾਣਕਾਰੀ ਭਰਪੂਰ ਲੈਕਚਰ ਦੇਣ ਲਈ ਡਾ.ਰਾਜੀਵ ਧਵਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੈਮੀਨਾਰ ਡੀਬੀਟੀ ਸਟਾਰ ਕਾਲਜ ਸਕੀਮ ਦੇ ਮੂਲ ਉਦੇਸ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਗਿਆਨ ਭਰਪੂਰ ਅਤੇ ਲਾਭਦਾਇਕ ਹੈ। ਉਨ੍ਹਾਂ ਅਜਿਹੇ ਲੈਕਚਰ ਆਯੋਜਿਤ ਕਰਨ ਲਈ ਭੌਤਿਕ ਵਿਗਿਆਨ ਵਿਭਾਗ ਦੀ ਸਲਾਘਾ ਕੀਤੀ। ਸਟੇਜ ਸੰਚਾਲਨ ਹਰਪ੍ਰੀਤ ਕੌਰ ਬਰਾੜ ਨੇ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਡਾ. ਕੁਲਵਿੰਦਰ ਸਿੰਘ ਮਾਨ ਨੇ ਧੰਨਵਾਦ ਕੀਤਾ। ਲੈਕਚਰ ਦੌਰਾਨ ਡਾ. ਵਿਕਾਸ ਦੁੱਗਲ ਅਤੇ ਡਾ.ਰਣਜੀਤ ਸਿੰਘ ਮਾਨ ਵੀ ਹਾਜਰ ਸਨ। ਬੰਸੀਧਰ, ਬੀ.ਐਸ.ਸੀ.ਭਾਗ ਤੀਜਾ ਦੇ ਵਿਦਿਆਰਥੀ ਨੇ ਪ੍ਰੋਗਰਾਮ ਦੌਰਾਨ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।
ਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਸਥਾਰ ਭਾਸ਼ਣ ਕਰਵਾਇਆ
5 Views