ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਰਾਜਨੀਤਿਕ ਪਾਰਟੀਆਂ ਦੇ ਲਾਰਿਆਂ ਦੇ ਮਾਰੇ ਡੀ. ਏ. ਵੀ ਕਾਲਜਾਂ ਦੇ ਰਿਟਾਇਡ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਪ੍ਰੋ. ਰਜਨੀਸ਼ ਕੁਮਾਰ (ਪ੍ਰਧਾਨ) ਦੀ ਰਹਿਨੁਮਾਈ ਹੇਠ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਗਿੱਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੈਨਸ਼ਨ ਨਾ ਮਿਲਣ ਸੰਬੰਧੀ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਇਆ । ਵਫ਼ਦ ਵਿੱਚ ਵਿੱਤ ਸਕੱਤਰ ਪ੍ਰੋ. ਐੱਸ. ਸੀ ਅਰੋੜਾ, ਪ੍ਰੈੱਸ ਸਕੱਤਰ ਪ੍ਰੋ. ਐੱਨ. ਕੇ ਗੌਸਾਈਂ, ਪੰਜਾਬੀ ਯੂਨੀਵਰਸਿਟੀ ਏਰੀਆ ਸਕੱਤਰ ਪ੍ਰੋ ਆਈ. ਕੇ ਸੁਖੀਜਾ, ਜਿਲ੍ਹਾ ਬਠਿੰਡਾ ਕੁਆਰਡੀਨੇਟਰ ਪ੍ਰੋ. ਸਤੀਸ਼ ਵੋਹਰਾ ਅਤੇ ਮੈਡਮ ਆਸ਼ਾ ਕੁਮਾਰ ਸ਼ਾਮਲ ਸਨ । ਪ੍ਰੋ. ਕੁਮਾਰ ਨੇ ਦੱਸਿਆ ਕਿ ਸਾਲ 1999 ਵਿੱਚ ਪੰਜਾਬ ਦੇ ਏਡਿਡ ਕਾਲਜਾਂ ਵਿਖੇ ਕੰਮ ਕਰ ਰਹੇ ਅਧਿਆਪਕਾਂ ਲਈ ਪੰਜਾਬ ਸਰਕਾਰ ਵਲੋਂ ਪੈਨਸ਼ਨ ਦੇਣ ਲਈ ਇੱਕ ਸਕੀਮ ਬਣਾਈ ਗਈ ਸੀ । ਜਿਸ ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕਰ ਦਿੱਤਾ ਸੀ ਅਤੇ ਮਾਣਯੋਗ ਗਵਰਨਰ ਪੰਜਾਬ ਵਲੋਂ ਮਨਜੂਰੀ ਦੇਣ ਤੋਂ ਬਾਅਦ ਇਸ ਦੀ ਗਜਟ ਨੋਟੀਫਿਕੇਸ਼ਨ ਵੀ ਕਰ ਦਿੱਤੀ ਗਈ ਸੀ । ਪਰ ਵਿਧਾਨ ਸਭਾ ਵਿੱਚ ਝੂਠੇ ਕਾਰਨ ਦੱਸ ਕੇ ਉਸ ਵੇਲੇ ਦੀ ਬਾਦਲ ਸਰਕਾਰ ਨੇ ਸੰਨ 2012 ਵਿੱਚ ਇਸ ਐਕਟ ਨੂੰ ਰੱਦ ਕਰ ਦਿੱਤਾ ਸੀ । ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 136 ਏਡਿਡ ਕਾਲਜਾਂ ਦੇ 4000 ਮੁਲਾਜਮ ਪੈਨਸ਼ਨ ਲਾਭ ਤੋਂ ਵਾਂਝੇ ਹਨ । ਪ੍ਰੈੱਸ ਸਕੱਤਰ ਪ੍ਰੋ. ਗੌਸਾਈਂ ਨੇ ਕਿਹਾ ਕਿ ਪੈਨਸ਼ਨ ਤੋਂ ਬਿਨਾਂ ਵੱਧਦੀ ਉੱਮਰ ਅਤੇ ਬਿਮਾਰੀਆਂ ਕਰਕੇ ਉਹ ਠੋਕਰਾਂ ਖਾਣ ਲਈ ਮਜ਼ਬੂਰ ਹਨ ਕਿਉਂਕਿ ਪੈਨਸ਼ਨ ਤੋਂ ਬਿਨਾਂ ਉਨ੍ਹਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀ ਹੈ । ਉਨ੍ਹਾਂ ਦੀ ਜਥੇਬੰਦੀ ਨੇ ਬਠਿੰਡਾ ਦੇ ਵਿਧਾਇਕ ਅਤੇ ਪੰਜਾਬ ਦੇ ਖਜਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨਾਲ ਇਸ ਸੰਬੰਧੀ ਚੰਡੀਗੜ੍ਹ ਤੇ ਬਠਿੰਡਾ ਵਿਖੇ ਕਈ ਮੀਟਿੰਗਾਂ ਕੀਤੀਆਂ ਪਰ ਲਾਰਿਆਂ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ । ਇਸ ਬੁੜਾਪੇ ਵਿੱਚ ਉਹ ਕਚਹਿਰੀਆਂ ਵਿੱਚ ਧੱਕੇ ਖਾਣ ਨੂੰ ਮਜ਼ਬੂਰ ਹਨ । 2015 ਵਿੱਚ ਮਾਣਯੋਗ ਸੁਪਰੀਮ ਕੋਰਟ ਵਿੱਚ ਕੀਤੇ ਕੇਸ ਦਾ ਵੀ ਅਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ । ਦੁੱਖ ਦੀ ਗੱਲ ਇਹ ਹੈ ਕਿ ਪੈਨਸ਼ਨ ਦਾ ਇੰਤਜ਼ਾਰ ਕਰਦੇ-ਕਰਦੇ ਹੁਣ ਤੱਕ ਤਕਰੀਬਨ ਪੰਜ ਸੋ ਰਿਟਾਇਡ ਮੁਲਾਜ਼ਮ ਅਕਾਲ ਚਲਾਣਾ ਕਰ ਚੁੱਕੇ ਹਨ । ਐਡਵੋਕੇਟ ਜਗਰੂਪ ਸਿੰਘ ਨੇ ਵਫ਼ਦ ਦੀ ਗੱਲ ਬੜੀ ਹਮਦਰਦੀ ਨਾਲ ਸੁਣੀ ਅਤੇ ਯਕੀਨ ਦਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਤੇ ਰਿਟਾਇਡ ਅਧਿਆਪਕਾਂ ਨੂੰ ਦਰਪੇਸ਼ ਆਣ ਵਾਲੀਆਂ ਤਕਲੀਫਾਂ, ਖਾਸ ਕਰਕੇ ਪੈਨਸ਼ਨ ਸੰਬੰਧੀ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਅਤੇ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ।
Share the post "ਡੀ.ਏ.ਵੀ ਕਾਲਜ ਰਿਟਾਇਡ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਜਗਰੂਪ ਸਿੰਘ ਗਿੱਲ ਨੂੰ ਮਿਲਿਆ"