ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ: ਕਿਸੇ ਸਮੇਂ ਪੂਰੇ ਪੰਜਾਬ ’ਚ ਅਪਣੀ ਟ੍ਰਾਂਸਪੋਰਟ ਦੀ ਤੂਤੀ ਵਜਾਉਣ ਵਾਲੀ ਨਿਊ ਦੀਪ ਬੱਸ ਕੰਪਨੀ ਦਾ ਅੱਜ ਆਖ਼ਰਕਾਰ ਬਠਿੰਡਾ ਦੇ ਬੱਸ ਅੱਡੇ ਵਿਚੋਂ ਖ਼ੋਖਾ ਵੀ ਚੁੱਕਿਆ ਗਿਆ। ਅੱਡੇ ’ਚ ਆਲੀਸ਼ਾਨ ਬਣੇ ਇਸ ਖੋਖੇ ਨੂੰ ਬਤੌਰ ਦਫ਼ਤਰ ਦੇ ਤੌਰ ‘ਤੇ ਪ੍ਰਬੰਧਕਾਂ ਵਲੋਂ ਵਰਤਿਆਂ ਜਾ ਰਿਹਾ ਸੀ। ਉਜ ਨਿਊ ਦੀਪ ਤੋਂ ਪਹਿਲਾਂ ਇੱਥੇ ਮੌਜੂਦ ਆਰਬਿਟ ਬੱਸ ਕੰਪਨੀ ਦੇ ਬਣੇ ਖੋਖੇ ਨੂੰ ਵੀ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਚੁੱਕ ਦਿੱਤਾ ਸੀ। ਇਸਦੀ ਪੁਸ਼ਟੀ ਕਰਦਿਆਂ ਪੀਆਰਟੀਸੀ ਬਠਿੰਡਾ ਡਿੱਪੂ ਦੇ ਜੀਐਮ ਰਮਨ ਸ਼ਰਮਾ ਨੇ ਦਸਿਆ ਕਿ ਉਕਤ ਖੋਖਾ ਨਜਾਇਜ਼ ਤੌਰ ’ਤੇ ਚੱਲ ਰਿਹਾ ਸੀ ਕਿਉਂਕਿ ਕਿਸੇ ਸਮੇਂ ਇਸਦਾ ਕਿਰਾਇਆ ਵੀ ਦਿੱਤਾ ਜਾ ਰਿਹਾ ਸੀ ਪ੍ਰੰਤੂ ਬਾਅਦ ਵਿਚ ਉਹ ਵੀ ਦੇਣਾ ਬੰਦ ਕਰ ਦਿੱਤਾ ਸੀ। ਇਸ ਖ਼ੋਖੇ ਨੂੰ ਚੁਕਾਉਣ ਲਈ ਪੀਆਰਟੀਸੀ ਵਲੋਂ ਪੀਪੀ ਐਕਟ ਤਹਿਤ ਐਸ.ਡੀ.ਐਮ ਦੀ ਅਦਾਲਤ ਵਿਚ ਕੇਸ ਦਾਈਰ ਕੀਤਾ ਹੋਇਆ ਸੀ ਤੇ ਅਦਾਲਤ ਨੇ ਉਕਤ ਕੰਪਨੀ ਦੇ ਪ੍ਰਬੰਧਕਾਂ ਨੂੰ 30 ਦਿਨਾਂ ਵਿਚ ਇਹ ਖ਼ੋਖਾ ਚੁੱਕਣ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਅਦਾਲਤ ਵਲੋਂ ਦਿੱਤਾ ਹੋਇਆ ਸਮਾਂ ਖ਼ਤਮ ਹੋਣ ਦੇ ਬਾਵਜੂਦ ਇਹ ਖੋਖਾ ਨਹੀਂ ਚੂੱਕਿਆ ਗਿਆ ਸੀ। ਜਿਸਦੇ ਚੱਲਦੇ ਹੁਣ ਇਸਨੂੰ ਪੁਲਿਸ ਦੀ ਮੱਦਦ ਤੇ ਡਿਊਟੀ ਮੈਜਿਸਟਰੇਟ ਲਖਵਿੰਦਰ ਸਿੰਘ ਗਿੱਲ ਦੀ ਮੌਜੂਦਗੀ ਵਿਚ ਕਰੇਨ ਦੀ ਮੱਦਦ ਨਾਲ ਬੱਸ ਅੱਡੇ ਵਿਚੋਂ ਹਟਾ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਉਕਤ ਕੰਪਨੀ ਦੀਆਂ ਕਈ ਦਰਜ਼ਨਾਂ ਬੱਸਾਂ ਨੂੰ ਵੀ ਪਹਿਲਾਂ ਬਿਨ੍ਹਾਂ ਟੈਕਸ ਸੜਕਾਂ ’ਤੇ ਦੋੜਦੇ ਹੋਏ ਫ਼ੜਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਟੈਕਸ ਅਦਾ ਕਰਨ ‘ਤੇ ਛੱਡ ਦਿੱਤਾ ਗਿਆ ਸੀ।
Share the post "’ਤੇ ਆਖ਼ਰਕਰ ਬਠਿੰਡਾ ਦੇ ਬੱਸ ਅੱਡੇ ‘ਚੋਂ ‘ਨਿਊ ਦੀਪ’ ਵਾਲਿਆਂ ਦਾ ‘ਖ਼ੋਖਾ’ ਵੀ ਚੁੱਕਿਆ ਗਿਆ"