ਸ਼੍ਰੀ ਕਰਤਾਰਪੁਰ ਸਾਹਿਬ ’ਚ ਮਿਲਣ ਤੋਂ ਬਾਅਦ ਸਿੱਕਾ ਖ਼ਾਨ ਪਿਛਲੇ ਦੋ ਮਹੀਨੇ ਤੋਂ ਪਾਕਿਸਤਾਨ ਪੁੱਜਿਆ ਹੋਇਆ ਸੀ ਭਾਰਤੀ ਭਰਾ ਸਿੱਕਾ ਖ਼ਾਨ
ਅੱਜ ਦੋਨੋਂ ਭਰਾਵਾਂ ਨੇ ਇਕੱਠਿਆ ਪਾਰ ਕੀਤਾ ਵਾਹਘਾ ਬਾਰਡਰ
ਪਾਕਿਸਤਾਨੀ ਯੂ-ਟਿਊਬ ਚੈਨਲ ਪੰਜਾਬੀ ਲਹਿਰ ਨੇ ਦੋਨਾਂ ਭਰਾਵਾਂ ਨੂੰ ਮਿਲਾਉਣ ’ਚ ਪਾਇਆ ਸੀ ਵੱਡਾ ਯੋਗਦਾਨ
ਸੁਖਜਿੰਦਰ ਮਾਨ
ਬਠਿੰਡਾ, 24 ਮਈ: 1947 ਦੀ ਅਜਾਦੀ ਸਮੇਂ ਪੰਜਾਬ ਦੀ ਭਾਰਤ ਤੇ ਪਾਕਿਸਤਾਨ ’ਚ ਹੋਈ ਵੰਡ ’ਚ ਵਿਛੜਣ ਤੇ ਮਾਰੇ ਜਾਣ ਵਾਲੇ ਪ੍ਰਵਾਰਾਂ ਦੇ ਜਖ਼ਮ ਹਾਲੇ ਵੀ ਅੱਲੇ ਹਨ। ਹਾਲਾਂਕਿ ਇੰਨਾਂ ਅੱਲੇ ਜਖਮਾਂ ’ਤੇ ਕੁੱਝ ਸਾਲ ਪਹਿਲਾਂ ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਇਧਰਲੇ ਪੰਜਾਬ ਦੇ ਮੰਤਰੀ ਰਹੇ ਨਵਜੋਤ ਸਿੱਧੂ ਸਹਿਤ ਦੋਨਾਂ ਦੇਸਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਨਾਲ ਖੁੱਲਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੱਲਮ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਪਵਿੱਤਰ ਥਾਂ ਪਿਛਲੇ ਸਾਲ ਦੇਸ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਮਿਲੇ ਸਕੇ ਭਰਾ ਹੁਣ ਨਾ ਸਿਰਫ਼ ਪਿਛਲੇ ਦੋ ਮਹੀਨਿਆਂ ਤੋਂ ਪਾਕਿਸਤਾਨ ’ਚ ਇਕੱਠੇ ਰਹਿ ਰਹੇ ਸਨ ਬਲਕਿ ਦੇਸ ਦੀ ਵੰਡ ਸਮੇਂ ਇਧਰਲੇ ਪੰਜਾਬ ਤੋਂ ਪਾਕਿਸਤਾਨ ਜਾਣ ਵਾਲੇ ਸਦੀਕ ਖ਼ਾਨ ਅੱਜ ਪਹਿਲੀ ਵਾਰ 75 ਸਾਲਾਂ ਬਾਅਦ ਮੁੜ ਅਪਣੇ ਭਰਾ ਸਿੱਕਾ ਖ਼ਾਨ ਨਾਲ ਅਪਣੀ ਜੰਮਣ ਭੋਇ ’ਤੇ ਵਾਪਸ ਪਰਤਿਆਂ ਹੈ। ਮੰਗਲਵਾਰ ਨੂੰ ਦੋਵੇਂ ਭਰਾਵਾਂ ਨੇ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਦੀ ਸਰਹੱਦ ਵਿਚ ਦਾਖ਼ਲਾ ਲਿਆ। ਮਹੱਤਵਪੂਰਨ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਇੰਨਾਂ ਦੋਨਾਂ ਭਰਾਵਾਂ ਨੂੰ ਆਪਸ ’ਚ 74ਸਾਲਾਂ ਬਾਅਦ ਮਿਲਾਉਣ ਵਿਚ ਪਾਕਿਸਤਾਨ ਦੇ ਇੱਕ ਯੂ ਟਿਊਬ ਚੈਨਲ ‘ਪੰਜਾਬੀ ਲਹਿਰ’ ਨੇ ਵੱਡਾ ਯੌਗਦਾਨ ਪਾਇਆ ਸੀ, ਜਿੰਨਾਂ ਦੇ ਸੰਚਾਲਕ ਨਾਸਿਰ ਢਿੱਲੋਂ ਅਤੇ ਲਵਲੀ ਸਿੰਘ ਨਾਮ ਦੇ ਨੌਜਵਾਨਾਂ ਨੇ ਦੇਸ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਫੈਸਲਾਬਾਦ ਆ ਕੇ ਵਸੇ ਸਦੀਕ ਖ਼ਾਨ ਦੀ ਕਹਾਣੀ ਨੂੰ ਅਪਣੇ ਚੈਨਲ ’ਤੇ ਦਿਖਾਇਆ ਸੀ। ਜਿਸਤੋਂ ਬਾਅਦ ਇਹ ਕਹਾਣੀ ਭਾਰਤੀ ਪੰਜਾਬ ਦੇ ਜ਼ਿਲਾ ਬਠਿੰਡਾ ਦੇ ਪਿੰਡ ਫ਼ੁਲੇਵਾਲਾ ’ਚ ਰਹਿੰਦੇ ਸਿੱਕਾ ਖ਼ਾਨ ਕੋਲ ਪੁੱਜੀ। ਦੋਨਾਂ ਭਰਾਵਾਂ ਵਿਚਕਾਰ ਮੋਬਾਇਲ ਫ਼ੋਨ ਰਾਹੀਂ ਗੱਲਬਾਤ ਹੋਈ ਤੇ ਅਖ਼ੀਰ ਲੰਮੀ ਜਦੋਜਹਿਦ ਤੋਂ ਬਾਅਦ ਪਹਿਲੀ ਵਾਰ ਦੋਨਾਂ ਭਰਾਵਾਂ ਦਾ ਮਿਲਾਪ ਪਿਛਲੇ ਸਾਲ ਸ਼੍ਰੀ ਕਰਤਾਰਪੁਰ ਸਾਹਿਬ ਦੇ ਗੁਰਦੂਆਰਾ ਦਰਬਾਰ ਸਾਹਿਬ ਵਿਖੇ ਹੋਇਆ। ਉਸਤੋਂ ਬਾਅਦ ਹੁਣ ਕਰੀਬ ਦੋ ਮਹੀਨੇ ਪਹਿਲਾਂ ਸਿੱਕਾ ਖ਼ਾਨ ਪਾਕਿਸਤਾਨ ਦਾ ਵੀਜ਼ਾ ਲੈ ਕੇ ਅਪਣੇ ਭਰਾ ਸਦੀਕ ਖ਼ਾਨ ਕੋਲ ਫੈਸਲਾਬਾਦ ਪੁੱਜਿਆ ਹੋਇਆ ਸੀ। ਇਸ ਦੌਰਾਨ ਸਦੀਕ ਖ਼ਾਨ ਨੇ ਵੀ ਪਾਸਪੋਰਟ ਬਣਾ ਕੇ ਭਾਰਤੀ ਵੀਜ਼ੇ ਲਈ ਅਪਲਾਈ ਕੀਤਾ ਤੇ ਹੁਣ ਉਸਨੂੰ ਵੀ ਇੰਨੇ ਹੀ ਸਮੇਂ ਦਾ ਵੀਜ਼ਾ ਮਿਲ ਗਿਆ ਹੈ ਜਿਸਤੋਂ ਬਾਅਦ ਅੱਜ ਦੋਨਾਂ ਭਰਾ ਇਧਰ ਪੁੱਜ ਗਏ ਹਨ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ 1947 ਦੀ ਵੰਡ ਵੇਲੇ ਸਿੱਕਾ ਖ਼ਾਨ ਅਪਣੀ ਮਾਂ ਨਾਲ ਨਾਨਕੇ ਪਿੰਡ ਜਾਣ ਕਰ ਕੇ ਪਰਿਵਾਰ ਤੋਂ ਵਿਛੜ ਗਿਆ ਸੀ ਜਦੋਂਕਿ ਸਦੀਕ ਖ਼ਾਨ ਤੇ ਪ੍ਰਵਾਰ ਦੇ ਦੂਜੇ ਮੈਂਬਰ ਪਾਕਿਸਤਾਨ ਪੁੱਜ ਗਏ ਸਨ। ਇਸ ਦੌਰਾਨ ਦੋਨਾਂ ਦਾ ਕਰੀਬ ਸੱਤ ਦਹਾਕਿਆਂ ਨਾਲ ਕੋਈ ਰਾਬਤਾ ਨਹੀਂ ਰਿਹਾ।
Share the post "ਦੇਸ ਦੀ ਵੰਡ ਤੋਂ ਬਾਅਦ ਭਰਾ ਸਿੱਕਾ ਖ਼ਾਨ ਨਾਲ ਪਹਿਲੀ ਵਾਰ ਭਾਰਤੀ ਪੰਜਾਬ ਪੁੱਜਿਆ ਫੈਸਲਾਬਾਦ ਦਾ ਸਦੀਕ ਖ਼ਾਨ"