5 ਦਿਨਾਂ ਵਿੱਚ 120 ਔਰਤਾਂ ਨੇ ਕਰਵਾਈ ਮੁਫ਼ਤ ਜਾਂਚ
ਸੋਮਵਾਰ ਤੋਂ ਭੂੱਚੋ ਹਸਪਤਾਲ ਵਿੱਚ ਲੱਗੇਗਾ ਕੈਂਪ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਫ਼ਰਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਬਲਾਕ ਨਥਾਣਾ ਵਿਖੇ ਦੀਆਂ ਸਿਹਤ ਸੰਸਥਾਵਾਂ ਵਿਖੇ ਬਰੈਸਟ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਗਿਆ। ਇਹ ਕੈਂਪ 11 ਫ਼ਰਵਰੀ ਤੱਕ ਨਥਾਣਾ ਵਿਖੇ ਲੱਗਾ ਹੋਇਆ ਹੈ ਅਤੇ 13 ਫ਼ਰਵਰੀ ਤੋਂ 17 ਫ਼ਰਵਰੀ ਤੱਕ ਭੂੱਚੋ ਹਸਪਤਾਲ ਵਿਖੇ ਲੱਗੇਗਾ। ਕੈਂਪ ਵਿੱਚ ਹੁਣ ਤੱਕ ਨਥਾਣਾ ਵਿਖੇ 120 ਔਰਤਾਂ ਨੇ ਜਾਂਚ ਕਰਵਾਈ। ਇਸ ਮੌਕੇ ਡਾ. ਸੰਦੀਪ ਸਿੰਗਲਾ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ। ਛਾਤੀ ਵਿੱਚ ਗਿਲਟੀ/ਗੰਢ,ਹਾਲ ਹੀ ਵਿੱਚ ਨਿਪਲ ਦਾ ਅੰਦਰ ਧਸਣਾ, ਨਿਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ ਆਦਿ ਕੈਂਸਰ ਦੇ ਲੱਛਣ ਹਨ। ਜਿਸ ਔਰਤ ਨੂੰ ਆਪਣੇ ਅੰਦਰ ਅਜਿਹੇ ਲੱਛਣ ਲੱਗਣ ਤਾਂ ਉਹ ਜਾਂਚ ਲਈ ਸਰਕਾਰੀ ਹਸਪਤਾਲ ਵਿਖੇ ਲੱਗੇ ਇਸ ਕੈਂਪ ਵਿੱਚ ਜਾਂਚ ਲਈ ਜ਼ਰੂਰ ਆਉਣ। ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਨਥਾਣਾ ਵਿਖੇ ਸ਼ਨੀਵਾਰ ਤੱਕ ਇਹ ਕੈਂਪ ਜਾਰੀ ਰਹੇਗਾ, ਸੋ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਇਸ ਕੈਂਪ ਦਾ ਲਾਭ ਲੈਣ। ਇਸ ਮੌਕੇ ਜਾਂਚ ਕਰਵਾਉਣ ਆਈਆਂ ਔਰਤਾਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ।
ਨਥਾਣਾ ਹਸਪਤਾਲ ਵਿਖੇ ਲੱਗਾ ਬਰੈਸਟ ਕੈਂਸਰ ਸਕਰੀਨਿੰਗ ਕੈਂਪ
31 Views