18 ਅਕਤੂਬਰ ਨੂੰ ਮੁੱਖ ਮੰਤਰੀ ਦੇ ਸਖਤ ਵਿਰੋਧ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ,13 ਅਕਤੂਬਰ : ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਜਿਲਾ ਬਠਿੰਡਾ ਦਾ ਵਫਦ ਡਿਪਟੀ ਕਮਿਸਨਰ ਨੂੰ ਮਿਲਿਆ ਜਿਸ ਵਿੱਚ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਕਾਰਨ ਮਜਦੂਰਾਂ ਦੇ ਹੋਏ ਰੁਜਗਾਰ ਉਜਾੜੇ ਦਾ ਮੁਆਵਜਾ ਮਜਦੂਰਾਂ ਨੂੰ ਦੇਣ ਸਬੰਧੀ ਗੱਲਬਾਤ ਕੀਤੀ ਗਈ । ਮਜਦੂਰਾਂ ਦੇ ਵਫਦ ਨੂੰ ਡਿਪਟੀ ਕਮਿਸਨਰ ਨੇ ਦੱਸਿਆ ਕਿ ਸਾਰੇ ਜਿਲੇ ਦੇ ਮੁਆਵਜੇ ਦੀ ਰਾਸ਼ੀ ਸਾਰੇ ਐਸ ਡੀ ਐਮਾਂ ਨੂੰ ਭੇਜ ਦਿੱਤੀ ਹੈ । ਉਨਾਂ ਦੱਸਿਆ ਕਿ ਪ੍ਰਤੀ ਪਰਿਵਾਰ 3830 ਰੁਪਏ ਮੁਆਵਜਾ ਵੰਡਿਆ ਜਾ ਰਿਹਾ ਹੈ । ਇਹ ਮੁਆਵਜਾ ਇੱਕ ਹਫਤੇ ਵਿੱਚ ਮਜਦੂਰਾਂ ਦੇ ਖਾਤਿਆਂ ਵਿੱਚ ਪੈ ਜਾਵੇਗਾ । ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਮੁਆਵਜਾ ਮਿਲਣ ਦੀ ਹੋਈ ਸੁਰੂਆਤ ਨੂੰ ਮਜਦੂਰ ਸੰਘਰਸ ਦੀ ਜਿੱਤ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਨਰਮਾ ਚੁਗਣ ਵਾਲੇ ਪਰਿਵਾਰਾਂ ਨੂੰ ਮੁਆਵਜਾ ਦੇਣ ਵਿੱਚ ਵਿਤਕਰੇਬਾਜੀ ਸਾਹਮਣੇ ਆਈ ਤਾਂ ਜੱਥੇਬੰਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ ਕਰੇਗੀ । ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮਜਦੂਰਾਂ ਦੇ ਰੁਜਗਾਰ ਦਾ ਪੱਕਾ ਪ੍ਰਬੰਧ ਕਰਨ, ਮਨਰੇਗਾ ਦਿਹਾੜੀ 700 ਰੁਪਏ ਕਰਨ , ਮਜਦੂਰਾਂ ਦੇ ਸਮੁੱਚੇ ਕਰਜੇ ਖਤਮ ਕਰਨ , ਔਰਤਾਂ ਨੂੰ 1000 ਰੁਪਏ ਦੇਣ , ਵਿਧਵਾ ਬੁਢਾਪਾ ਪੈਨਸਨ 5000 ਰੁਪਏ ਕਰਨ ਤੇ ਉਮਰ ਦੀ ਹੱਦ ਘੱਟ ਕਰਨ ਅਤੇ ਜਮੀਨੀ ਸੁਧਾਰ ਕਰਕੇ ਫਾਲਤੂ ਨਿਕਲਦੀਆਂ ਜਮੀਨਾਂ ਦੀ ਵੰਡ ਮਜਦੂਰਾਂ ਤੇ ਬੇਜਮੀਨੇ ਕਿਸਾਨਾਂ ਵਿੱਚ ਕਰਨ ਆਦਿ ਮੰਗਾਂ ਦੇ ਸਾਰਥਕ ਹੱਲ ਲਈ ਮੀਟਿੰਗ ਕਰਨ ਤੋਂ ਲਗਾਤਾਰ ਟਾਲਾ ਵੱਟਕੇ ਸਮਾਂ ਲੰਘਾਉਣ ਦੀ ਨੀਤੀ ‘ਤੇ ਚੱਲ ਰਿਹਾ ਹੈ । ਸਰਕਾਰ ਦੀ ਇਸ ਨੀਤੀ ਵਿਰੁੱਧ ਤਿੱਖਾ ਸੰਘਰਸ ਕੀਤਾ ਜਾਵੇਗਾ । ਉਨਾਂ ਐਲਾਨ ਕੀਤਾ ਕਿ 18 ਅਕਤੂਬਰ ਨੂੰ ਲਹਿਰਾਗਾਗਾ ਦੇ ਨੇੜਲੇ ਪਿੰਡ ਕਾਲਵਣਜਾਰਾ ਵਿੱਚ ਭਗਵੰਤ ਮਾਨ ਦੀ ਆਮਦ ਮੌਕੇ ਕਰੜਾ ਵਿਰੋਧ ਕੀਤਾ ਜਾਵੇਗਾ । ਅੱਜ ਦੇ ਡੈਪੁਟੇਸ਼ਨ ਵਿੱਚ ਮਨਦੀਪ ਸਿੰਘ ਤੇ ਕੁਲਦੀਪ ਸਿੰਘ ਸਿਵੀਆਂ , ਗੁਰਤੇਜ ਸਿੰਘ ਫੌਜੀ ਤੇ ਕੁਲਵੰਤ ਸਿੰਘ ਮਾੜੀ , ਕਾਕਾ ਸਿੰਘ ਜੀਦਾ , ਬਲਵਿੰਦਰ ਸਿੰਘ ਮਾਲੀ ਤੇ ਯਾਦਵਿੰਦਰ ਸਿੰਘ ਕੋਠਾ ਗੁਰੂ ਅਤੇ ਦਰਸਨ ਸਿੰਘ ਅਕਲੀਆ ਆਦਿ ਆਗੂ ਸ਼ਾਮਲ ਸਨ ।
Share the post "ਨਰਮੇ ਖਰਾਬੇ ਦਾ ਮੁਆਵਜਾ ਮਜਦੂਰ ਖਾਤਿਆਂ ਵਿੱਚ ਪੈਣ ਦੀ ਸ਼ੁਰੂਆਤ ਸੰਘਰਸ ਦੀ ਜਿੱਤ- ਨਸਰਾਲੀ"