ਮਾਤਾ ਇੱਛਰਾ ਵੈਲਫ਼ੇਅਰ ਸੁਸਾਇਟੀ ਕੱਚਾ ਧੋਬੀਆਣਾ ਵਲੋਂ ਕਰਵਾਏ ਪ੍ਰੋਗਰਾਮ ਚ ਕੀਤੀ ਸ਼ਿਰਕਤ
ਸੁਸਾਇਟੀ ਦੀਆਂ ਮਹਿਲਾਵਾਂ ਨਾਲ ਨਸ਼ੇ ਦੇ ਖਾਤਮੇ ਲਈ ਕੀਤੀ ਗੱਲਬਾਤ
ਬਸਤੀ ਦੇ ਸਮੂਹ ਲੋਕਾਂ ਨੂੰ ਡੋਪ ਟੈਸਟ ਕਰਵਾਉਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਨਸ਼ਾ ਮੁਕਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਕੱਚਾ ਧੋਬੀਆਣਾ ਬਸਤੀ ਚ ਮਾਤਾ ਇੱਛਰਾ ਵੈਲਫ਼ੇਅਰ ਸੁਸਾਇਟੀ ਵਲੋਂ ਕਰਵਾਏ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੁਸਾਇਟੀ ਦੀਆਂ ਇਕੱਤਰ ਮਹਿਲਾਵਾਂ ਕੋਲੋਂ ਬਸਤੀ ਵਿੱਚ ਨਸ਼ੇ ਦੇ ਮੌਜੂਦਾ ਹਾਲਾਤਾ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਕੱਤਰ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਸਪਲਾਈਰਾਂ ਨੂੰ ਕਾਬੂ ਕਰਨ ਤੇ ਪੀੜ੍ਹਤਾਂ ਨੂੰ ਨਸ਼ਾ ਛੁਡਾਉਣ ਚ ਪੂਰਨ ਸਹਿਯੋਗ ਦੇਣ ਤਾਂ ਜੋ ਇਸ ਕੋਹੜ ਤੋਂ ਮੁਹੱਲਾ ਵਾਸੀਆਂ ਨੂੰ ਮੁਕੰਮਲ ਤੌਰ ਤੇ ਮੁਕਤੀ ਦਵਾਈ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਸ਼ੇ ਦੇ ਆਦੀ ਵਿਅਕਤੀਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਕੋਲੋਂ ਨਸ਼ੇ ਦੀ ਪਈ ਆਦਤ ਬਾਰੇ ਜਾਣਿਆ ਤੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੀਮਤੀ ਜਿੰਦਗੀ ਨੂੰ ਬਚਾਉਣ ਲਈ ਦਿ੍ਰੜ ਇਰਾਦਾ ਕਰਕੇ ਇਸ ਵਿਚੋਂ ਨਿਕਲਣ ਲਈ ਹੰਭਲਾ ਮਾਰਨ। ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਸ਼ੇ ਤੋਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਕੱਤਰ ਲੋਕਾਂ ਤੇ ਪੀੜ੍ਹਤ ਵਿਅਕਤੀਆਂ ਦੇ ਮਾਪਿਆਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਾ ਛੁਡਾਉਣ ਵਿੱਚ ਵਿਸ਼ੇਸ਼ ਸਹਿਯੋਗ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਨਤਾ ਨਸ਼ਾ ਸਪਲਾਇਰਾਂ ਨੂੰ ਕਾਬੂ ਕਰਨ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਵਿਅਕਤੀ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤੀ ਪਾਉਣ ਚ ਸਫ਼ਲ ਹੋਣਗੇ।
ਇਸ ਮੌਕੇ ਉਨ੍ਹਾਂ ਪੂਰੀ ਕੱਚਾ ਧੋਬੀਆਣਾ ਬਸਤੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋਂ ਆਪਣਾ ਡੋਪ ਟੈਸਟ ਕਰਵਾਉਣ ਤਾਂ ਜੋ ਪੀੜ੍ਹਤਾਂ ਦੀ ਪਛਾਣ ਕਰਕੇ ਬਸਤੀ ਵਿੱਚ ਹੀ ਉਨ੍ਹਾਂ ਦੇ ਇਲਾਜ਼ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਸਕਣ। ਇਸ ਮੌਕੇ ਰੀਹੈਬਲੀਟੇਸ਼ਨ ਸੁਸਾਇਟੀ ਤੇ ਡੀ ਅਡਿਕਸ਼ਨ ਸੈਂਟਰ ਦੇ ਮੈਨੇਜ਼ਰ ਰੂਪ ਸਿੰਘ ਮਾਨ ਅਤੇ ਐਸਐਚਓ ਹਰਵਿੰਦਰ ਸਿੰਘ ਸਰਾਂ ਤੇ ਮਾਤਾ ਇੱਛਰਾ ਵੈਲਫ਼ੇਅਰ ਸੁਸਾਇਟੀ ਦੀ ਪ੍ਰਧਾਨ ਨਸੀਬ ਕੌਰ ਤੇ ਸੁਸਾਇਟੀ ਦੀਆਂ ਹੋਰ ਮਹਿਲਾਵਾਂ ਮੌਜੂਦ ਸਨ।
Share the post "ਨਸ਼ਾ ਸਪਲਾਈਰਾਂ ਨੂੰ ਕਾਬੂ ਕਰਨ ਤੇ ਪੀੜ੍ਹਤਾਂ ਨੂੰ ਨਸ਼ਾ ਛੁਡਾਉਣ ਚ ਸਹਿਯੋਗ ਦੇਵੇ ਜਨਤਾ : ਡਿਪਟੀ ਕਮਿਸ਼ਨਰ"