ਸੁਖਜਿੰਦਰ ਮਾਨ
ਬਠਿੰਡਾ, 30 ਜੁਲਾਈ: ਦੁਨੀਆਂ ਪੱਧਰ ’ਤੇ ਨਸ਼ੇ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਅਸਫ਼ਲ ਸਿੱਧ ਹੋ ਰਹੀਆਂ ਹਨ, ਉੱਥੇ ਪ੍ਰਬੰਧਕੀ ਢਾਂਚਾ ਵੀ ਪੂਰੀ ਤਰ੍ਹਾਂ ਨਕਾਰਾ ਹੋ ਗਿਆ ਹੈ। ਜਿਸਦੇ ਚੱਲਦੇ ਇਸ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨ ਲਈ ਹੁਣ ਲੋਕਾਂ ਨੂੰ ਇਕਜੁਟ ਹੋ ਕੇ ਲੋਕ ਲਹਿਰ ਪੈਦਾ ਕਰਨੀ ਪਏਗੀ। ਇਹ ਦਾਅਵਾ ਸੀਨੀਅਰ ਆਗੂ ਅਤੇ ਸਮਾਜ ਸੇਵੀ ਭੋਲਾ ਸਿੰਘ ਗਿੱਲ ਪੱਤੀ ਨੇ ਇੱਥੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਪਿਛਲੇ 15 ਸਾਲਾਂ ਤੋਂ ਨਸ਼ੇ ਨੇ ਨੌਜਵਾਨਾਂ ਨੂੰ ਇਸ ਕਦਰ ਜਕੜ ਲਿਆ ਕਿ ਇਸ ਨਾਮੁਰਾਦ ਬਿਮਾਰੀ ਨੂੰ ਰੋਕਣ ਵਾਲੇ ਖੁਦ ਇਸ ਨੂੰ ਕਮਾਈ ਦਾ ਸਾਧਨ ਬਣਾ ਬੈਠੇ ਹਨ। ਜਿਸ ਕਾਰਨ ਇਹ ਨਸ਼ਾ ਰੁਕਣ ਦੀ ਥਾਂ ਵੱਧਣ ਲੱਗਿਆ ਹੈ। ਸ: ਗਿੱਲਪਤੀ ਨੇ ਕਿਹਾ ਕਿ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਦੇ ਵਧ ਰਹੇ ਪ੍ਰਵਾਸ ਪਿੱਛੇ ਵੀ ਨਸ਼ਾ ਇੱਕ ਵੱਡਾ ਕਾਰਨ ਹੈ, ਕਿਉਂਕਿ ਆਪਣੇ ਜਾਨ ਤੋਂ ਵੱਧ ਪਿਆਰੇ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਮਾਪੇਂ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਨਾਲ ਨਸ਼ੇ ਦਾ ਪ੍ਰਕੋਪ ਵੱਧਦਾ ਰਿਹਾ ਤਾਂ ਇਹ ਪ੍ਰਵਾਸ ਹੋਰ ਵਧਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਉਮੀਦਾਂ ਆਸਾਂ ਨਾਲ ਲੋਕ ਚੁਣ ਕੇ ਗੱਦੀ ਤੇ ਬਿਠਾਉਂਦੇ ਹਨ, ਉਹ ਵੀ ਸਿਸਟਮ ਦੀ ਇਸ ਕੁਰੱਪਟ ਵਿਵਸਥਾ ਵਿਚ ਰੁਲ ਕੇ ਰਹਿ ਜਾਂਦੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਜੇਕਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕਹਿਰ ਤੋਂ ਬਚਾਉਣਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਪੁਰਾਣੇ ਸੰਘਰਸਾਂ ਦੀ ਤਰ੍ਹਾਂ ਵੱਡੀਆਂ ਲੋਕ ਲਹਿਰਾਂ ਉਸਾਰਨੀਆਂ ਪੈਣਗੀਆਂ। ਨਸ਼ੇ ਦੇ ਸੌਦਾਗਰਾਂ ਨੂੰ ਲੋਕਾਂ ਵਿੱਚ ਨੰਗਾ ਕਰਨਾ ਪਵੇਗਾ ਅਤੇ ਨਸ਼ਾ ਤਸਕਰਾਂ ਤੇ ਉਹਨਾਂ ਦੇ ਰਾਖੀ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨਾ ਪਵੇਗਾ।
ਨਸ਼ਾ ਰੋਕਣ ਲਈ ਲੋਕ ਲਹਿਰਾਂ ਹੀ ਇੱਕੋ ਇੱਕ ਹੱਲ: ਭੋਲਾ ਸਿੰਘ ਗਿੱਲਪੱਤੀ
6 Views