13 Views
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੋਣਗੇ ਸ਼ਾਮਲ, ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਕਰਨਗੇ ਸੱਭਿਆਚਾਰਕ ਪ੍ਰੋਗ੍ਰਾਮ ਪੇਸ਼
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਕੀਤੇ ਜਾ ਰਹੇ ਹਨ ਸ਼ਲਾਘਾਯੋਗ ਉਪਰਾਲੇ: ਅਮਰਜੀਤ ਮਹਿਤਾ
ਸੁਖਜਿੰਦਰ ਮਾਨ
ਬਠਿੰਡਾ, 2 ਨਵੰਬਰ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਦੀ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਵਿਰਾਸਤ ਨਾਲ ਜੋੜਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਜਿਸਦੇ ਤਹਿਤ 11 ਨਵੰਬਰ 2022 ਦੀ ਸ਼ਾਮ 6 ਵਜੇ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਮਾਨ ਸਰਕਾਰ ਅਤੇ ਜਸ਼ਨ-ਏ-ਵਿਰਾਸਤ ਵੱਲੋਂ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਵਧਾਉਣ ਲਈ ਵੱਡੇ ਪੱਧਰ ਤੇ ਪ੍ਰੋਗ੍ਰਾਮ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਉਕਤ ਪ੍ਰੋਗ੍ਰਾਮ ਦੇ ਮੁੱਖੀ ਅਤੇ ਉੱਘੇ ਸਮਾਜ ਸੇਵੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਉਕਤ ਪ੍ਰੋਗ੍ਰਾਮ ਵਿੱਚ ਖੇਡ ਤੇ ਯੁਵਕ ਭਲਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਅਮਰਜੀਤ ਮਹਿਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਨਸ਼ੇ ਵਰਗੀ ਘਾਤਕ ਬੀਮਾਰੀ ਨੇ ਸਮਾਜ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਅਤੇ ਵਰਤੋਂ ਦਾ ਕਾਰਨ ਨੌਜਵਾਨ ਪੀੜ੍ਹੀ ਦਾ ਆਪਣੀ ਵਿਰਾਸਤ ਤੋਂ ਦੂਰ ਹੋਣਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਅਤੇ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਜਸ਼ਨ ਏ ਵਿਰਾਸਤ ਟੀਮ ਵੱਲੋਂ ਪ੍ਰੋਗ੍ਰਾਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਗ੍ਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ, ਉਥੇ ਹੀ ਪ੍ਰਸਿੱਧ ਕਮੇਡੀਅਨ ਸੰਜੀਵ ਅੱਤਰੀ ਦਰਸ਼ਕਾਂ ਨੂੰ ਲੋਟਪੋਟ ਕਰਨਗੇ। ਅਮਰਜੀਤ ਮਹਿਤਾ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਪ੍ਰਸਿੱਧ ਐਂਕਰ, ਕਲਰਸ ਟੀਵੀ ਦੀ ਨਿੰਮੋ (ਅਮਨ) ਅਤੇ ਪਰਮ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਉਪਰੋਕਤ ਉਪਰਾਲਿਆਂ ਨਾਲ ਜਿੱਥੇ ਸਮਾਜ ਵਿੱਚ ਜਾਗਰੂਕਤਾ ਪੈਦਾ ਹੋਵੇਗੀ, ਉਥੇ ਹੀ ਨੌਜਵਾਨ ਆਪਣੀ ਵਿਰਾਸਤ ਨਾਲ ਜੁੜਕੇ ਨਸ਼ਿਆਂ ਖ਼ਿਲਾਫ਼ ਇੱਕਜੁੱਟ ਹੋਣਗੇ। ਉਨ੍ਹਾਂ ਆਮ ਜਨਤਾ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸਪੋਕਸਮੈਨ ਪੰਜਾਬ ਨੀਲ ਗਰਗ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਗੁਰਜੰਟ ਸੀਵੀਆਂ ਪ੍ਰਧਾਨ, ਐਡਵੋਕੇਟ ਨਵਦੀਪ ਸਿੰਘ ਜੀਦਾ ਚੈਅਰਮੈਨ ਸ਼ੂਗਰ ਫੈਡ, ਅਨਿਲ ਠਾਕੁਰ ਚੈਅਰਮੈਨ ਟ੍ਰੇਡ ਬੋਰਡ ਅਤੇ ਰਕੇਸ਼ ਪੁਰੀ ਚੇਅਰਮੈਨ ਵਨ ਵਿਭਾਗ ਹਾਜ਼ਰ ਸਨ।
Share the post "ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਵਿਰਾਸਤ ਨਾਲ ਜੋੜਨ ਲਈ ਜਸ਼ਨ-ਏ-ਵਿਰਾਸਤ ਦਾ ਪ੍ਰੋਗ੍ਰਾਮ 11 ਨਵੰਬਰ ਨੂੰ"