ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਜੁਲਾਈ : ਕਰੀਬ ਦਸ ਦਿਨ ਪਹਿਲਾਂ ਬਠਿੰਡਾ ਦੀਆਂ ਝੀਲਾਂ ਵਿਚੋਂ ਪਿੰਡ ਭੋਖੜਾ ਦੇ ਇੱਕ ਨੌਜਵਾਨ ਦੀ ਬਰਾਮਦ ਹੋਈ ਲਾਸ਼ ਦੇ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਮ੍ਰਿਤਕ ਨੌਜਵਾਨ ਦੇ ਪ੍ਰਵਾਰ ਵਾਲਿਆਂ ਵਲੋਂ ਗੋਨਿਆਣਾ ਬਾਈਪਾਸ ’ਤੇ ਪ੍ਰਸ਼ਾਸਨ ਵਿਰੁਧ ਧਰਨਾ ਲਗਾਇਆ ਗਿਆ। ਇਸ ਦੌਰਾਨ ਪਿੰਡ ਭੋਖੜਾ ਦੇ ਗੋਰਾ ਸਿੰਘ ਪੁੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹਰਪ੍ਰੀਤ ਸਿੰਘ ਚਿੱਟੀ ਪੁੱਤਰ ਨਾਇਬ ਸਿੰਘ ਪਿਛਲੇ ਕਈ ਸਾਲਾਂ ਤੋਂ ਇੱਥੋਂ ਹੀ ਰਹਿੰਦਾ ਸੀ ਅਤੇ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਪਿਛਲੇ ਦਿਨੀ ਉਸ ਦੀ ਲਾਸ਼ ਬਠਿੰਡਾ ਦੀਆਂ ਝੀਲਾਂ ਵਿੱਚੋਂ ਮਿਲੀ ਸੀ।ਪਰ ਕਈ ਦਿਨ ਬੀਤ ਜਾਣ ’ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਬਠਿੰਡਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ, ਦੂਜੇ ਪਾਸੇ ਐੱਸਐੱਚਓ ਕਰਮਜੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਪਰ ਕੋਈ ਹੱਲ ਨਾ ਨਿਕਲਣ ’ਤੇ ਐੱਸ.ਪੀ.ਬਠਿੰਡਾ ਉੱਥੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਾਨੂੰਨ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜਿਸਤੋਂ ਬਾਅਦ ਧਰਨਾਕਾਰੀਆਂ ਨੇ ਇਹ ਧਰਨਾ ਚੁੱਕ ਲਿਆ। ਧਰਨਾਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਜਣਿਆਂ ’ਤੇ ਸ਼ੱਕ ਹੈ ਪ੍ਰੰਤੂ ਪੁਲਿਸ ਉਨ੍ਹਾਂ ਤੋਂ ਪੁਛਗਿਛ ਨਹੀਂ ਕਰ ਰਹੀ ਹੈ।
ਨੌਜਵਾਨ ਦੀ ਮੌਤ ਦੇ ਮਾਮਲੇ ’ਚ ਇਨਸਾਫ਼ ਲਈ ਪ੍ਰਵਾਰ ਵਾਲਿਆਂ ਨੇ ਹਾਈਵੇ ਕੀਤਾ ਜਾਮ
198 Views