ਅਕਾਲ ਯੂਨੀਵਰਸਿਟੀ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ 424 ਪ੍ਰਾਰਥੀਆਂ ਦੀ ਹੋਈ ਚੋਣ
ਐਮ.ਆਰ.ਐਸ.ਪੀ.ਟੀ.ਯੂ ਵਿਖੇ 21 ਮਾਰਚ ਨੂੰ ਹੋਵੇਗਾ ਅਗਲਾ ਰੋਜ਼ਗਾਰ ਮੇਲਾ
ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ : ਪੰਜਾਬ ਸਰਕਾਰ ਵੱਲੋਂ ਇਕ ਨਵੇਂ ਉੱਦਮ ਤਹਿਤ ਨੌਜਵਾਨਾਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਦੇ ਮੱਦੇਨਜ਼ਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਕਾਲ ਯੂਨੀਵਰਸਿਟੀ ਬਠਿੰਡਾ ਦੇ ਸਹਿਯੋਗ ਨਾਲ ਇਸ ਯੂਨੀਵਰਸਿਟੀ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਦੇ ਪ੍ਰਤਿਨਿਧੀ ਪ੍ਰਗਟ ਸਿੰਘ ਦਾ ਰੋਜ਼ਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਵਾਈਸ ਚਾਂਸਲਰ ਡਾ. ਗੁਰਮੇਲ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਅਕਾਲ ਯੂਨੀਵਰਸਿਟੀ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਅਕਾਲ ਯੂਨੀਵਰਸਿਟੀ ਤੋਂ ਡਾ. ਸੁਖਜੀਤ ਸਿੰਘ ਰਜਿਸਟਰਾਰ, ਡੀਨ ਅਕੈਡਮਿਕ ਡਾ. ਜੀ.ਐਸ. ਲਾਂਬਾ, ਟਰੇਨਿੰਗ ਪਲੇਸਮੈਂਟ ਅਫ਼ਸਰ ਡਾ. ਅਮਨਜੀਤ ਸਿੰਘ, ਬਲਤੇਜ ਸਿੰਘ ਪ੍ਰਬੰਧਕੀ ਸ਼ਾਖਾ, ਰੋਜ਼ਗਾਰ ਦਫ਼ਤਰ ਵੱਲੋਂ ਮੈਗਾ ਰੋਜ਼ਗਾਰ ਮੇਲੇ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਹਿੱਤ ਪ੍ਰਾਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ। ਇਸ ਮੇਲੇ ਵਿੱਚ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ, ਏ.ਐਨ.ਐਮ., ਜੀ.ਐਨ.ਐਮ., ਗਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਪਾਸ ਕੁੱਲ 652 ਪ੍ਰਾਰਥੀਆਂ ਵੱਲ਼ੋਂ ਸ਼ਿਰਕਤ ਕੀਤੀ ਗਈ ਅਤੇ ਵੱਖ-ਵੱਖ ਖੇਤਰਾਂ ਤੋਂ ਲਗਭਗ 24 ਕੰਪਨੀਆਂ ਦੇ ਨਿਯੋਜਕਾਂ ਵੱਲੋਂ ਕੁੱਲ 424 ਪ੍ਰਾਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਚੁਣਿਆ ਗਿਆ। ਅਖੀਰ ਵਿੱਚ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਅਤੇ ਤੀਰਥਪਾਲ ਸਿੰਘ ਡਿਪਟੀ ਸੀ.ਈ.ਓ. ਨੇ ਇਸ ਰੋਜ਼ਗਾਰ ਮੇਲੇ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਅਕਾਲ ਯੂਨੀਵਰਸਿਟੀ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲਿਆਂ ਦੀ ਇਸੇ ਲੜੀ ਤਹਿਤ ਅਗਲਾ ਮੈਗਾ ਰੋਜ਼ਗਾਰ ਮੇਲਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ 21 ਮਾਰਚ ਲਗਾਇਆ ਜਾ ਰਿਹਾ ਹੈ।
ਨੌਜਵਾਨ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ : ਵਿਧਾਇਕ ਜਗਰੂਪ ਗਿੱਲ
8 Views