ਸੁਖਜਿੰਦਰ ਮਾਨ
ਬਠਿੰਡਾ,11ਮਈ: ਭਾਰਤੀ ਕਿਸਾਨ ਯੂਨੀਅਨ (ਬੀਕੇਯੂ)ਏਕਤਾ ਡਕੌਂਦਾ ਨਾਲ ਸਬੰਧਤ ਔਰਤਾਂ ਦਾ ਇੱਕ ਜਥਾ ਸਥਾਨਕ ਰੇਲਵੇ ਸਟੇਸ਼ਨ ਤੋਂ ਦਿੱਲੀ ਦੇ ਜੰਤਰ ਮੰਤਰ ਲਈ ਰਵਾਨਾ ਹੋਇਆ, ਜਿੱਥੇ ਔਰਤ ਪਹਿਲਵਾਨਾਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਜੱਦੋਜਹਿਦ ਕਰ ਰਹੀਆਂ ਹਨ।ਜਥੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕੀਤੀ। ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਗੱਲਬਾਤ ਕਰਦਿਆਂ ਚਿੰਤਾ ਅਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਦੇਸ਼ ਲਈ ਮੈਡਲ ਜਿੱਤ ਕੇ ਆਈਆਂ ਕੁੜੀਆਂ ਨੂੰ ਨੈਤਿਕ ਤੌਰ ਤੇ ਹਰਾਉਣ/ਸਬਕ ਸਿਖਾਉਣ ਲਈ ਮਹਿਲਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਐੱਮ.ਪੀ. ਬਿਰਜ ਮਿਸ਼ਰਾ ਦੇ ਨਾਲ ਨਾਲ ਪੂਰੀ ਮੋਦੀ ਸਰਕਾਰ ਹਰ ਹੱਥਕੰਡਾ ਵਰਤ ਰਹੀ ਹੈ। ਉਹਨਾਂ ਕਿਹਾ ਕਿ ਸ਼ੁਭ ਸ਼ਗਨ ਇਹ ਹੈ ਕਿ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਖ਼ਿਲਾਫ਼ ਇਨਸਾਫ਼ ਲੈਣ ਲਈ ਪਹਿਲਵਾਨ ਕੁੜੀਆਂ ਦਿੱਲੀ ਮੋਰਚੇ ਤੇ ਡਟ ਗਈਆਂ ਹਨ। ਇਸ ਕਰਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪੂਰੇ ਸੂਬੇ ਚੋਂ ਸੈਂਕੜੇ ਔਰਤਾਂ, ਸੰਘਰਸ਼ੀਲ ਔਰਤਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਅੱਜ ਵੱਖ ਵੱਖ ਥਾਵਾਂ ਤੋਂ ਦਿੱਲੀ ਰਵਾਨਾ ਹੋਈਆਂ ਹਨ। ਉਹਨਾਂ ਦੱਸਿਆ ਕਿ ਸੰਸਾਰ ਚੈਂਪੀਅਨਸ਼ਿਪ ਵਿਚੋਂ ਦੇਸ਼ ਲਈ ਤਗਮੇ ਜਿੱਤ ਲਿਆਈਆਂ ਕੁੜੀਆਂ ਨੇ ਭਾਜਪਾ ਐੱਮ .ਪੀ.ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾ ਕੇ ਉਸਦੀ ਗਿਰਫਤਾਰੀ ਮੰਗੀ ਹੋਈ ਹੈ ਅਤੇ ਪੂਰਾ ਭਾਜਪਾ ਲਾਣਾ ਬੇਸ਼ਰਮੀ ਦੀ ਹੱਦ ਟੱਪਕੇ ਐਕਸ਼ਨ ਲੈਣ ਤੋਂ ਘੇਸਲ ਅਤੇ ਢੀਠਤਾਈ ਵਰਤ ਰਿਹਾ ਹੈ। ਉਹਨਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਕੇਂਦਰ ਸਰਕਾਰ ਅਤੇ ਉਕਤ ਆਗੂ ਦੇ ਪੁਤਲੇ ਸਾੜਨ , ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਹਿਤ ਸੂਬਾ ਟੀਮ ਵਲੋਂ ਦਿੱਲੀ ਸ਼ਮੂਲੀਅਤ ਕਰਨ ਉਪਰੰਤ ਅੱਜ ਦਾ ਐਕਸ਼ਨ ਕੀਤਾ ਗਿਆ ਹੈ।ਸੂਬਾ ਆਗੂ ਗੁਰਦੀਪ ਸਿੰਘ ਨੇ ਜ਼ੋਰ ਦੇ ਕੇ ਦੱਸਿਆ ਕਿ ਨਿਰਭੈਆ ਕਾਂਡ, ਸ਼ਰੂਤੀ ਕਾਂਡ,ਹਾਥਰਸ ਕਾਂਡ ,ਕਠੂਆ ਕਾਂਡ, ਕਿਰਨਜੀਤ ਕੌਰ ਮਹਿਲਕਲਾਂ ਕਾਂਡ ਅਤੇ ਓਨਾਓ ਕਾਂਡ ,ਸਮੇਂ ਦੀਆਂ ਕੇਂਦਰ /ਸੂਬਾ ਸਰਕਾਰਾਂ ਖਾਸ ਕਰ ਕੇਂਦਰੀ ਭਾਜਪਾ ਸਰਕਾਰ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਜੱਗ ਜ਼ਾਹਰ ਅਤੇ ਔਰਤ ਦੇ ਸਨਮਾਨ ਵਿੱਚ ਕੀਤੇ ਜਾ ਰਹੇ ਦਾਅਵਿਆਂ ਨੂੰ ਲੀਰੋ ਕਰਦਾ ਹੈ। ਜਥੇਬੰਦੀ ਵਲੋਂ ਉਹਨਾਂ ਸੰਘਰਸ਼ੀਲ ਪਹਿਲਵਾਨ ਔਰਤਾਂ ਨੂੰ ਵਿਸ਼ਵਾਸ ਦਵਾਇਆ ਕਿ ਕਥਿਤ ਨਾਮਜ਼ਦ ਦੋਸ਼ੀ ਦੀ ਗ੍ਰਿਫਤਾਰੀ ਅਤੇ ਪਹਿਲਵਾਨਾਂ ਦੀਆਂ ਬਾਕੀ ਮੰਗਾਂ ਦੀ ਪੂਰਤੀ ਤੱਕ ਡਕੌਂਦਾ ਗਰੁੱਪ ਆਪਣੀ ਡਟਵੀਂ ਹਮਾਇਤ ਜਾਰੀ ਰੱਖੇਗਾ।ਇਸ ਮੌਕੇ ਬਲਜੀਤ ਕੌਰ ਰਾਮਪੁਰਾ, ਸੁਖਜੀਤ ਕੌਰ ਰਾਮਪੁਰਾ, ਅੰਮ੍ਰਿਤ ਪਾਲ ਕੌਰ ਆਦਿ ਔਰਤ ਆਗੂਆਂ ਤੋਂ ਇਲਾਵਾ ਜਸਬੀਰ ਕੌਰ,ਰਾਜਿੰਦਰ ਕੌਰ,ਗੁਰਮੇਲ ਕੌਰ,ਕਾਰਜ ਸਿੰਘ,ਮਹਿੰਦਰ ਸਿੰਘ ਕੱਲ੍ਹੂ,ਰਾਜਿੰਦਰ ਸਿੰਘ ਆਦਿ ਵੀ ਸ਼ਾਮਲ ਹੋਏ।
Share the post "ਪਹਿਲਵਾਨ ਔਰਤਾਂ ਦੇ ਸੰਘਰਸ਼ ਚ ਸ਼ਾਮਲ ਹੋਣ ਲਈ ਡਕੌਂਦਾ ਗਰੁੱਪ ਦੀਆਂ ਔਰਤਾਂ ਦਾ ਜਥਾ ਦਿੱਲੀ ਰਵਾਨਾ"