ਭਾਰਤ ਮਾਲਾ ਪ੍ਰੋਜੈਕਟ ਦੇ ਲਈ ਬਠਿੰਡਾ ਪ੍ਰਸ਼ਾਸਨ ਨੇ ਤੜਕਸਾਰ ਤਿੰਨ ਪਿੰਡਾਂ ਦੀ ਜਮੀਨ ਦਾ ਲਿਆ ਕਬਜ਼ਾ

0
16
207 Views

ਕਿਸਾਨਾਂ ਨੇ ਕੀਤਾ ਭਾਰੀ ਵਿਰੋਧ
ਬਠਿੰਡਾ, 21 ਨਵੰਬਰ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਵਿੱਢੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਾਉਣ ਲਈ ਪੰਜਾਬ ਸਰਕਾਰ ਦੀ ਕੀਤੀ ਜਾ ਰਹੀ ਖਿਚਾਈ ਦੇ ਚੱਲਦਿਆਂ ਅੱਜ ਬਠਿੰਡਾ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਬਲਾਕ ਵਿੱਚ ਪੈਂਦੇ ਤਿੰਨ ਪਿੰਡਾਂ ਦੀ ਜਮੀਨ ਦਾ ਤੜਕਸਾਰ ਕਬਜਾ ਲਿਆ ਗਿਆ। ਏਡੀਸੀ ਆਰਪੀ ਸਿੰਘ ਅਤੇ ਐਸਡੀਐਮ ਬਠਿੰਡਾ ਬਲਕਰਨ ਸਿੰਘ ਮਹਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਨਾਲ ਪੁੱਜੇ ਪ੍ਰਸ਼ਾਸ਼ਨ ਨੇ ਪਿੰਡ ਸ਼ੇਰਗੜ੍ਹ ਤੇ ਦੁਨੇਵਾਲਾ ਵਿੱਚ ਬਲਡੋਜਰ ਤੇ ਟਰੈਕਟਰ ਚਲਾ ਦਿੱਤੇ। ਹਾਲਾਂਕਿ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਪਤਾ ਚੱਲਦੇ ਹੀ ਇਹਨਾਂ ਪਿੰਡਾਂ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੌਕੇ ‘ਤੇ ਪੁੱਜ ਕੇ ਵਿਰੋਧ ਵੀ ਕੀਤਾ ਗਿਆ ਪਰੰਤੂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਉਹ ਪ੍ਰਸ਼ਾਸਨ ਦੇ ਕੰਮ ਨੂੰ ਰੋਕਣ ਵਿੱਚ ਅਸਫਲ ਰਹੇ।

ਇਹ ਵੀ ਪੜ੍ਹੋ ਤੜਕਸਾਰ ਮੋਗਾ ਪੁਲਿਸ ਤੇ ਬਦਮਾਸ਼ ਵਿਚਕਾਰ ਹੋਈ ਗੋਲੀ+ਬਾਰੀ

ਜਿਸਦੇ ਚਲਦੇ ਸਵੇਰੇ ਕਰੀਬ 10 ਵਜੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰੀਬ ਚਾਰ ਕਿਲੋਮੀਟਰ ਦੇ ਟੋਟੇ ਨੂੰ ਆਪਣੇ ਅਧੀਨ ਲੈਣ ਦਾ ਦਾਅਵਾ ਕੀਤਾ ਗਿਆ ਜਦੋਂ ਕਿ ਇਸ ਪ੍ਰੋਜੈਕਟ ਤਹਿਤ ਇਹਨਾਂ ਪਿੰਡਾਂ ਵਿੱਚ ਟੋਟਲ ਅੱਠ ਕਿਲੋਮੀਟਰ ਸੜਕ ਦਾ ਕੰਮ ਬਕਾਇਆ ਦੱਸਿਆ ਜਾ ਰਿਹਾ। ਉਧਰ ਵਿਰੋਧ ਕਰਦਿਆਂ ਕਿਸਾਨਾਂ ਨੇ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਕਿ ਉਹ ਪਹਿਲਾਂ ਹੀ ਆਰਥਿਕ ਤੌਰ ‘ਤੇ ਝੰਬੀ ਕਿਸਾਨੀ ਨੂੰ ਨਿਗੂਣਾ ਮੁਆਵਜਾ ਦੇ ਕੇ ਉਹਨਾਂ ਦੀਆਂ ਜਮੀਨਾਂ ‘ਤੇ ਕਬਜ਼ਾ ਕਰ ਰਿਹਾ ਹੈ। ਕਿਸਾਨ ਆਗੂ ਰਾਮ ਸਿੰਘ ਨੇ ਇਸ ਮੌਕੇ ਦੱਸਿਆ ਕਿ ਪ੍ਰਸ਼ਾਸਨ ਦੇ ਵੱਲੋਂ ਦੁਨੇਵਾਲਾ ਤੇ ਸ਼ੇਰਗੜ੍ਹ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ। ਉਹਨਾਂ ਦਾਅਵਾ ਕੀਤਾ ਕਿ ਪਥਰਾਲਾ ਅਤੇ ਕੋਟਸ਼ਮੀਰ ਵਿੱਚ ਇਸ ਪ੍ਰੋਜੈਕਟ ਲਈ ਮੁਆਵਜਾ ਵੱਧ ਦਿੱਤਾ ਗਿਆ ਹੈ ਪ੍ਰੰਤੂ ਇਹਨਾਂ ਪਿੰਡਾਂ ਵਿੱਚ ਮੁਆਵਜਾ ਘੱਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਮੁਆਵਜਾ ਵੀ ਸਾਂਝੇ ਖਾਤਿਆਂ ਦੇ ਵਿੱਚ ਪਾ ਦਿੱਤਾ ਗਿਆ ਜਦੋਂ ਕਿ ਅਸਲੀ ਕਾਸ਼ਤਕਾਰ ਮੁਆਵਜੇ ਤੋਂ ਵਾਂਝੇ ਰਹਿ ਗਏ ਹਨ ।

ਇਹ ਵੀ ਪੜ੍ਹੋ ਕੈਨੇਡਾ ਦੀ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਰ ਸਖ਼ਤੀ;ਹੁਣ ਚੱਲਦੀ ਪੜਾਈ ’ਚ ਕਾਲਜ਼ ਨਹੀਂ ਬਦਲ ਸਕਣਗੇ ਵਿਦਿਆਰਥੀ

ਉਹਨਾਂ ਕਿਹਾ ਕਿ ਉਹ ਇਸ ਪ੍ਰੋਜੈਕਟ ਦਾ ਵਿਰੋਧ ਨਹੀਂ ਕਰ ਰਹੇ ਪਰ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਜਾਇਜ ਅਤੇ ਕਾਸ਼ਤਕਾਰ ਕਿਸਾਨਾਂ ਨੂੰ ਹੀ ਇਸਦਾ ਮੁਆਵਜਾ ਮਿਲੇ ਅਤੇ ਨਾਲ ਹੀ ਮੁਆਵਜ਼ਾ ਵੀ ਉਨਾਂ ਹੀ ਦਿੱਤਾ ਜਾਵੇ ਜੋ ਇਸ ਤੋਂ ਪਹਿਲਾਂ ਅਤੇ ਬਾਅਦ ਵਾਲੇ ਪਿੰਡਾਂ ਦੇ ਕਿਸਾਨਾਂ ਨੂੰ ਦਿੱਤਾ ਗਿਆ ਹੈ। ਉਧਰ ਮੌਕੇ ‘ਤੇ ਪੁੱਜੇ ਏਡੀਸੀ ਆਰ.ਪੀ ਸਿੰਘ ਨੇ ਦੁੱਨੇਆਨਾ ਅਤੇ ਸ਼ੇਰਗੜ੍ਹ ਪਿੰਡ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਕਾਇਆ ਜਮੀਨ ਦਾ ਕਬਜ਼ਾ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸਦਾ ਮੁਆਵਜਾ ਕਰੀਬ ਦੋ ਸਾਲ ਪਹਿਲਾਂ ਹੀ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਹੈ ਪ੍ਰੰਤੂ ਹਾਲੇ ਤੱਕ ਇਸ ਦਾ ਕਬਜ਼ਾ ਬਕਾਇਆ ਹੋਣ ਕਾਰਨ ਇਹ ਪ੍ਰੋਜੈਕਟ ਲਟਕ ਰਿਹਾ ਸੀ। ਉਹਨਾਂ ਦਾਅਵਾ ਕੀਤਾ ਕਿ ਅੱਜ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਹੀ ਹੈ ਅਤੇ ਸਵੇਰੇ 10 ਵਜੇ ਤੱਕ ਕਰੀਬ 4 ਕਿਲੋਮੀਟਰ ਦੇ ਟੋਟੇ ਨੂੰ ਪ੍ਰਸ਼ਾਸਨ ਨੇ ਆਪਣੇ ਅਧਿਕਾਰ ਵਿੱਚ ਲੈ ਲਿਆ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੁੱਦਿਆਂ ਦਾ ਪ੍ਰਸ਼ਾਸਨ ਨਾਲ ਮਿਲ ਬੈਠ ਕੇ ਹੱਲ ਕਰਵਾਉਣ ਨਾ ਕਿ ਇਸ ਤਰ੍ਹਾਂ ਜਨਤਕ ਪ੍ਰੋਜੈਕਟ ਦਾ ਵਿਰੋਧ ਕਰਕੇ ਉਸ ਵਿੱਚ ਰੁਕਾਵਟਾਂ ਖੜੀਆਂ ਕਰਨ।

 

LEAVE A REPLY

Please enter your comment!
Please enter your name here