ਭਾਜਪਾ ਨੇ ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਲਗਾਏ ਦੇਸ਼ ਵਿਰੋਧੀ ਹੋਣ ਦੇ ਦੋਸ਼
ਕਾਂਗਰਸ ਦੇ ਐਮ.ਪੀ ਮਨੀਸ ਤਿਵਾੜੀ ਨੇ ਟਵੀਟ ਕਰਕੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਨਵੀਂ ਦਿੱਲੀ, 20 ਨਵੰਬਰ : ਅਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ’ਤੇ ਜਿੱਥੇ ਵਿਰੋਧੀਆਂ ਨੇ ‘ਪਾਕਿਸਤਾਨੀ ਪ੍ਰੇਮੀ’ ਹੋਣ ਦੇ ਦੋਸ਼ ਲਗਾਏ ਹਨ, ਉਥੇ ਉਨ੍ਹਾਂ ਉਪਰ ਅਪਣਿਆਂ ਨੇ ਵੀ ਸਵਾਲ ਖ਼ੜੇ ਕੀਤੇ ਹਨ। ਸ: ਸਿੱਧੂ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਉਪਰ ਮੱਥਾ ਟੇਕਣ ਗਏ ਹੋਏ ਸਨ। ਇਸ ਦੌਰਾਨ ਪਾਕਿਸਤਾਨ ’ਚ ਦਾਖ਼ਲ ਹੁੰਦੇ ਸਮੇਂ ਉਥੋਂ ਦੇ ਸੀਈਓ ਅਤੇ ਹੋਰ ਅਧਿਕਾਰੀਆਂ ਵਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸੇਸ ਦੂਤ ਵਜੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਫੁੱਲਾਂ ਦੀ ਵਰਖ਼ਾ ਕੀਤੀ ਗਈ। ਇਸ ਮੌਕੇ ਸਿੱਧੂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ’ਤੇ ਜਿੱਥੇ ਭਾਜਪਾ ਨੇ ਉਨ੍ਹਾਂ ਉਪਰ ਹਮਲਾ ਕੀਤਾ ਹੈ, ਉਥੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਵੀ ਸਵਾਲ ਖ਼ੜੇ ਕਰਦਿਆਂ ਕਿਹਾ ਹੈ ਕਿ ‘‘ ਕੀ ਅਸੀਂ ਇੰਨੀਂ ਛੇਤੀ ਭਾਰਤੀ ਫ਼ੌਜੀਆਂ ਦੀ ਸਹਾਦਤ ਨੂੰ ਭੁੱਲ ਗਏ ਹਾਂ?’’ ਮਨੀਸ਼ ਤਿਵਾੜੀ ਵਲੋਂ ਜਾਰੀ ਕੀਤੇ ਟਵੀਟ ਵਿਚ ਕਿਹਾ ਗਿਆ ਹੈ ਕਿ ‘ਭਾਰਤ ਲਈ ਇਮਰਾਨ ਖਾਨ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਦੇ ਗਠਜੋੜ ਦਾ ਮੋਹਰਾ ਹੈ, ਜੋ ਮੁਲਕ ’ਚ ਹਥਿਆਰ, ਨਸ਼ੇ ਤੇ ਆਏ ਦਿਨ ਅੱਤਵਾਦੀਆਂ ਨੂੰ ਭੇਜਦਾ ਰਹਿੰਦਾ ਹੈ। ’ ਉਧਰ ਭਾਜਪਾ ਨੇ ਸਿੱਧੂ ਦੇ ਇੰਨਾਂ ਸਬਦਾਂ ਨੂੰ ਚੁੱਕਦਿਆਂ ਮੁੜ ਮੁੱਦਾ ਬਣਾਉਂਦੇ ਹੋਏ ਸਿੱਧੂ ਦੇ ਬਹਾਨੇ ਗਾਂਧੀ ਪ੍ਰਵਾਰ ’ਤੇ ਉਗਲ ਚੁੱਕੀ ਹੈ। ਪਾਰਟੀ ਦੇ ਕੌਮੀ ਬੁਲਾਰੇ ਸੰਬਤ ਪਾਤਰਾ ਨੇ ਕੀਤੀ ਇਂੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ‘‘ ਹਿੰਦੂਸਤਾਨੀਆਂ ਦੀਆਂ ਭਾਵਨਾਵਾਂ ਦਾ ਅਨਾਦਰ ਕਰਦਿਆਂ ਸਿੱਧੂ ਨੇ ਇਮਰਾਨ ਖਾਨ ਨੂੰ ‘ਭਾਈ ਜਾਨ’ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਸਤੇ ਇਹ ਇਕ ਗੰਭੀਰ ਮੁੱਦਾ ਹੈ। ਭਾਜਪਾ ਬੁਲਾਰੇ ਨੇ ਸਿੱਧੂ ’ਤੇ ਹਮਲੇ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਚਾ ਦੇਸ ਭਗਤ ਕਹਿ ਕੇ ਤਰੀਫ਼ ਵੀ ਕੀਤੀ ਤੇ ਇਸ ਬਹਾਨੇ ਗਾਂਧੀ ਪ੍ਰਵਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘‘ ਸੱਚੇ ਦੇਸ ਭਗਤ ਨੂੰ ਹਟਾ ਕੇ ਪਾਕਿਸਤਾਨੀ ਪ੍ਰੇਮੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਸਿੱਧੂ ਨੇ ਪਿਛਲੀ ਵਾਰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨੂੰ ਗਲੇ ਲਾਇਆ ਸੀ। ਪਾਰਟੀ ਦੇ ਆਈਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਵੀ ਟਵੀਟ ਕਰਕੇ ਸਿੱਧੂ ਵਲਂੋ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ।
Share the post "ਪਾਕਿਸਤਾਨ ਦੌਰੇ ਤੋਂ ਬਾਅਦ ਅਪਣਿਆਂ ਤੇ ਵਿਰੋਧੀਆਂ ਨੇ ਮੁੜ ਘੇਰਿਆਂ ਨਵਜੋਤ ਸਿੱਧੂ"