ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ
ਗ੍ਰਿਫਤਾਰ ਨਸ਼ਾ ਤਸਕਰ ਪਾਕਿ ਅਧਾਰਤ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ
ਪੰਜਾਬੀ ਖ਼ਬਰਸਾਰ ਬਿਉਰੋ
ਗੁਰਦਾਸਪੁਰ, 28 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 10 ਕਿਲੋ ਹੈਰੋਇਨ (10 ਪੈਕੇਟ) ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਸ਼ਦੀਪ ਸਿੰਘ ਵਾਸੀ ਪਿੰਡ ਥੰਮਣ ਜ਼ਿਲ੍ਹਾ ਗੁਰਦਾਸਪੁਰ ਅਤੇ ਸਰਵਣ ਸਿੰਘ ਉਰਫ਼ ਸਾਬਾ ਵਾਸੀ ਸ਼ਾਹੂਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ .30 ਬੋਰ ਦੇ ਦੋ ਵਿਦੇਸ਼ੀ ਪਿਸਤੌਲ, ਚਾਰ ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਸਫਲਤਾ ਪੰਜਾਬ ਪੁਲਿਸ ਵੱਲੋਂ 10 ਕਿਲੋ ਹੈਰੋਇਨ ਅਤੇ ਇੱਕ ਆਧੁਨਿਕ ਡਰੋਨ ਸਮੇਤ ਦੋ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਤੋਂ ਤਿੰਨ ਦਿਨਾਂ ਬਾਅਦ ਮਿਲੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਦੀਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਥੰਮਣ ਨੇੜੇ ਇੱਕ ਵਿਸ਼ੇਸ਼ ਅਭਿਆਨ ਚਲਾਇਆ ਅਤੇ ਦੋਵਾਂ ਨਸ਼ਾ ਤਸਕਰਾਂ ਨੂੰ ਉਸ ਸਮੇਂ ਸਫਲਤਾਪੂਰਵਕ ਕਾਬੂ ਕਰ ਲਿਆ, ਜਦੋਂ ਉਹ ਬਾਰਡਰ ਆਊਟਪੋਸਟ (ਬੀ.ਓ.ਪੀ.) ਚੌਂਤਰਾ (ਦੋਰਾਂਗਲਾ, ਗੁਰਦਾਸਪੁਰ) ਵਿਖੇ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਕੰਡਿਆਲੀ ਤਾਰ ਦੇ ਰਸਤੇ ਰਾਹੀਂ ਪਾਈਪ ਦੀ ਮਦਦ ਨਾਲ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਖੇਪ ਬਰਾਮਦ ਕਰਨ ਤੋਂ ਬਾਅਦ ਪੈਦਲ ਆਪਣੇ ਘਰ ਜਾ ਰਹੇ ਸਨ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਨਸ਼ਾ ਤਸਕਰ ਰਹਿਮਤ ਮੀਆਂ ਵਜੋਂ ਜਾਣੇ ਜਾਂਦੇ ਪਾਕਿ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ। ਸੀ.ਆਈ. ਪਠਾਨਕੋਟ ਦੇ ਏ.ਆਈ.ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਦੋਸ਼ੀ ਸਰਵਣ ਇੱਕ ਬਦਨਾਮ ਨਸ਼ਾ ਤਸਕਰ ਹੈ ਜੋ 7 ਸਾਲ ਦੀ ਕੈਦ ਕੱਟਣ ਤੋਂ ਬਾਅਦ 2018 ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਐਫ.ਆਈ.ਆਰ ਨੰ 38 ਮਿਤੀ 28.12.2022 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
Share the post "ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼; 10 ਕਿਲੋ ਹੈਰੋਇਨ, 2 ਪਿਸਤੌਲਾਂ ਸਮੇਤ ਦੋ ਕਾਬੂ"