ਇੰਸਪੈਕਟਰ ਰਜਿੰਦਰ ਕੁਮਾਰ ਹਾਲੇ ਵੀ ਫ਼ਰਾਰ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਪਿਛਲੇ ਸਾਲ ਦੇ ਅਕਤੂਬਰ ਮਹੀਨੇ ਦੀ ਸ਼ੁਰੂਆਤ ’ਚ ਕਥਿਤ ਤੌਰ ’ਤੇ ਪੈਸੇ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਵਾਲੇ ਸਪੈਸ਼ਲ ਸਟਾਫ਼ ਦੇ ਭਗੋੜੇ ਥਾਣੇਦਾਰ ਨੂੰ ਸਪੈਸ਼ਲ ਟਾਸਕ ਫੋਰਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ ਹੈ ਜਦੋਂਕਿ ਇਸ ਮਾਮਲੇ ਦਾ ਕਥਿਤ ਮੁੱਖ ਦੋਸ਼ੀ ਇੰਸਪੈਕਟਰ ਰਜਿੰਦਰ ਕੁਮਾਰ ਹਾਲੇ ਤੱਕ ਫ਼ਰਾਰ ਹੈ। ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਕਈ ਵੱਡੇ ‘ਪੁਲਿਸ ਅਧਿਕਾਰੀਆਂ’ ਦੇ ਫ਼ਸਣ ਦੇ ਡਰ ਕਾਰਨ ਢਿੱਲ ਵਰਤੀ ਜਾ ਰਹੀ ਹੈ ਤਾਂ ਕਿ ਉਕਤ ਇੰਸਪੈਕਟਰ ਦੀ ਜਮਾਨਤ ਹੋ ਸਕੇ। ਦਸਣਾ ਬਣਦਾ ਹੈ ਕਿ ਸਥਾਨਕ ਸਪੈਸ਼ਲ ਸਟਾਫ਼ ਦੇ ਇੰਚਾਰਜ਼ ਅਤੇ ਉਸਦੇ ਸਹਾਇਕ ਏਐੱਸਆਈ ਜਰਨੈਲ ਸਿੰਘ ਆਦਿ ਵਿਰੁਧ ਐਸਟੀਐਫ਼ ਵਲੋਂ 14 ਅਕਤੂਬਰ 2021 ਨੂੰ ਭਿ੍ਰਸਟਾਚਾਰ ਤੇ ਹੋਰਨਾਂ ਦੋਸ਼ਾਂ ਹੇਠ ਕੇਸ ਦਰਜ਼ ਕੀਤਾ ਸੀ। ਇੰਨ੍ਹਾਂ ਵਿਰੁਧ ਦੋਸ਼ ਸਨ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਲੱਖਾਂ ਰੁਪਏ ਲੈ ਕੇ ਅਤੇ ਨਾਲ ਹੀ ਉਨਾਂ੍ਹ ਕੋਲੋ ਬਰਾਮਦ ਨਸ਼ਾ ਅਪਣੇ ਕੋਲ ਰੱਖ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਉਕਤ ਪੁਲਿਸ ਅਧਿਕਾਰੀਆਂ ਦੀ ਮਾੜੀ ਕਿਸਮਤ ਨੂੰ ਉਕਤ ਕਥਿਤ ਨਸ਼ਾ ਤਸਕਰ ਮੁੜ ਐਸ.ਟੀ.ਐਫ਼ ਦੀ ਟੀਮ ਵਲੋਂ ਕਾਬੂ ਕਰ ਲਏ ਗਏ, ਜਿੰਨ੍ਹਾਂ ਪੁਛਗਿਛ ਦੌਰਾਨ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਦੇ ਕਾਰਨਾਮਿਆਂ ਦਾ ਖ਼ੁਲਾਸਾ ਕਰ ਦਿੱਤਾ। ਇਸਤੋਂ ਪਹਿਲਾਂ ਐਸਟੀਐਫ਼ ਦੋਨਾਂ ਪੁਲਿਸ ਵਾਲਿਆਂ ਨੂੰ ਕਾਬੂ ਕਰਦੀ, ਵਿਭਾਗ ਵਿਚ ਮੌਜੂਦ ਕਾਲੀਆਂ ਭੇਡਾਂ ਨੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ, ਜਿਸਤੋਂ ਬਾਅਦ ਦੋਨੋਂ ਫ਼ਰਾਰ ਹੋ ਗਏ ਸਨ। ਐੱਸਟੀਐੱਫ ਦੇ ਡੀਐੱਸਪੀ ਸਰਬਜੀਤ ਸਿੰਘ ਨੇ ਹੁਣ ਥਾਣੇਦਾਰ ਜਰਨੈਲ ਸਿੰਘ ਦੀ ਗਿ੍ਰਫਤਾਰੀ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।
ਪੈਸੇ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਵਾਲਾ ਥਾਣੇਦਾਰ ਤਿੰਨ ਮਹੀਨਿਆਂ ਬਾਅਦ ਕਾਬੂ
208 Views