Saturday, May 2, 2026
spot_img
spot_img

ਪੰਜਾਬੀ ਭਾਸਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰ

Date:

spot_img

ਅਜੋਕੀ ਪੀੜ੍ਹੀ ਨੂੰ ਵਡਮੁੱਲੇ ਵਿਰਸੇ ਨਾਲ ਜੋੜਨਾ ਭਾਸਾ ਵਿਭਾਗ ਦੀ ਪ੍ਰਮੁੱਖ ਤਰਜੀਹ
ਉਚੇਰੀ ਸਿੱਖਿਆ ਤੇ ਭਾਸਾਵਾਂ ਬਾਰੇ ਮੰਤਰੀ ਵੱਲੋਂ ਭਾਸਾ ਵਿਭਾਗ ਦੇ ਮੁੱਖ ਦਫਤਰ ਦਾ ਦੌਰਾ
ਸੁਖਜਿੰਦਰ ਮਾਨ
ਪਟਿਆਲਾ, 20 ਮਈ: ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਸਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫਤਰ ਦਾ ਦੌਰਾ ਕਰਦਿਆਂ ਵਿਭਾਗ ਦੀਆਂ ਸਰਗਰਮੀਆਂ, ਯੋਜਨਾਵਾਂ ਤੇ ਪੰਜਾਬੀ ਭਾਸਾ ਦੇ ਪ੍ਰਚਾਰ/ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜਾ ਲਿਆ। ਸ੍ਰੀ ਮੀਤ ਹੇਅਰ ਨੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ‘ਚ ਹੋਰ ਸੁਧਾਰ ਕਰਨ ਦੀਆਂ ਸੰਭਾਵਨਾਵਾਂ ਤਲਾਸਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ ਦਿੱਤਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੰਜਾਬੀ ਭਾਸਾ ਦੇ ਪ੍ਰਚਾਰ/ਪ੍ਰਸਾਰ ਲਈ ਪਹਿਲ ਦੇ ਅਧਾਰ ‘ਤੇ ਨਿੱਗਰ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਵਿਸਵਾਸ ਦਿਵਾਇਆ ਕਿ ਸਰਕਾਰ ਵੱਲੋਂ ਜਲਦ ਤੋਂ ਜਲਦ ਬਕਾਇਆ ਰਹਿੰਦੇ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
ਉਚੇਰੀ ਸਿੱਖਿਆ ਤੇ ਭਾਸਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਭਾਸਾ ਵਿਭਾਗ ਕੋਲ ਸਾਹਿਤ ਦਾ ਵੱਡਮੁੱਲਾ ਖਜਾਨਾ ਮੌਜੂਦ ਹੈ ਜਿਸ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣਾ ਵਿਭਾਗ ਦਾ ਪਹਿਲਾ ਟੀਚਾ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਭਾਸਾ ਦੇ ਪ੍ਰਚਾਰ/ਪ੍ਰਸਾਰ ਦੇ ਨਾਲ ਨਵੀਂ ਪੀੜ੍ਹੀ ਆਪਣੇ ਵੱਡਮੁੱਲੇ ਵਿਰਸੇ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਸਾਹਿਤ ਨਾਲ ਜੋੜ ਕੇ ਵਧੀਆ ਸਮਾਜ ਸਿਰਜਣ ਲਈ ਵੱਡੇ ਪੱਧਰ ‘ਤੇ ਸਰਗਰਮੀਆਂ ਚਲਾਉਣ ਦੀ ਜਿੰਮੇਵਾਰੀ ਇਸ ਵਿਭਾਗ ਕੋਲ ਹੈ।
ਸ੍ਰੀ ਮੀਤ ਹੇਅਰ ਨੇ ਭਾਸਾ ਵਿਭਾਗ ਦੀ ਲਾਇਬਰੇਰੀ ਦਾ ਦੌਰਾ ਕਰਨ ਮੌਕੇ ਇੱਥੇ ਮੌਜੂਦ ਪੁਰਾਤਨ ਹੱਥ ਲਿਖਤ ਸਾਹਿਤਕ ਕਿਰਤਾਂ ‘ਚ ਖਾਸ ਰੁਚੀ ਦਿਖਾਈ। ਉਨ੍ਹਾਂ ਵਿਭਾਗ ਵੱਲੋਂ ਇਨ੍ਹਾਂ ਲਿਖਤਾਂ ਨੂੰ ਡਿਜੀਟਲ ਰੂਪ ‘ਚ ਸੰਭਾਲਣ ਦੀ ਸਲਾਘਾ ਕੀਤੀ। ਇਸ ਤੋਂ ਪਹਿਲਾਂ ਵਿਭਾਗ ਦੀ ਸੰਯੁਕਤ ਨਿਰਦੇਸਕਾ ਡਾ. ਵੀਰਪਾਲ ਕੌਰ ਨੇ ਮੰਤਰੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਸਰਕਾਰ ਦੇ ਸਾਹਿਤ ਤੇ ਪੰਜਾਬੀ ਪ੍ਰਤੀ ਟੀਚਿਆਂ ਦੀ ਪੂਰਤੀ ਲਈ ਨਿਰੰਤਰ ਕਾਰਜਸੀਲ ਰਹਿਣਗੇ। ਵਿਭਾਗ ਵੱਲੋਂ ਸ੍ਰੀ ਮੀਤ ਹੇਅਰ ਨੂੰ ਪੁਸਤਕਾਂ, ਫੁਲਕਾਰੀ ਤੇ ਪੌਦਾ ਪ੍ਰਸਾਦ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਸਹਾਇਕ ਨਿਰਦੇਸਕ ਅਸਰਫ ਮਹਿਮੂਦ ਨੰਦਨ, ਪਰਵੀਨ ਕੁਮਾਰ, ਸੁਖਪ੍ਰੀਤ ਕੌਰ, ਅਮਰਿੰਦਰ ਸਿੰਘ, ਸੁਰਿੰਦਰ ਕੌਰ, ਡਾ. ਭੀਮਇੰਦਰ ਸਿੰਘ, ਜਿਲਾ ਭਾਸਾ ਅਫਸਰ ਚੰਦਨਦੀਪ ਕੌਰ, ਖੋਜ ਅਫਸਰ ਰਾਬੀਆ, ਦਵਿੰਦਰ ਕੌਰ, ਡਾ. ਸੁਖਦਰਸਨ ਸਿੰਘ ਚਹਿਲ, ਡਾ. ਸੰਤੋਖ ਸੁੱਖੀ, ਡਾ. ਸੱਤਪਾਲ ਸਿੰਘ ਚਹਿਲ ਤੇ ਕਰਮਚਾਰੀ ਮੌਜੂਦ ਸਨ।

Share post:

spot_img

Popular

More like this
Related