ਤੀਸਰੇ ਦਿਨ ਬਠਿੰਡਾ ਸਮੇਤ ਜ਼ਿਲ੍ਹੇ ਦੇ 56 ਪਿੰਡਾਂ ਚ ਕੱਢੀਆਂ ਜਾਗਰੂਕਤਾ ਰੈਲੀਆਂ
10 ਹਜ਼ਾਰ ਵਿਦਿਆਰਥੀਆਂ ਨੇ ਰੈਲੀਆਂ ਚ ਕੀਤੀ ਸਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 3 ਫ਼ਰਵਰੀ :ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਸ਼੍ਰੀ ਅਨਿੱਲ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਮੱਦੇਨਜ਼ਰ ਸਥਾਨਕ ਡੀਏਵੀ ਸਕੂਲ ਤੋਂ ਕੱਢੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਸਾਨੂੰ ਪੂਰਾ ਮਾਣ ਤੇ ਸਨਮਾਣ ਕਰਨਾ ਚਾਹੀਦਾ ਹੈ, ਇਸ ਦਾ ਕਰਜ਼ ਅਸੀਂ ਸਾਰੀ ਉਮਰ ਨਹੀਂ ਉਤਾਰ ਸਕਦੇ।ਇਸ ਮੌਕੇ ਚੇਅਰਮੈਨ ਸ਼੍ਰੀ ਅਨਿੱਲ ਠਾਕੁਰ ਨੇ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੇ ਜ਼ਿਲ੍ਹੇ ‘ਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਵਧੇਰੇ ਮਹੱਤਤਾ ਦੇਣ ਲਈ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਨਾਲ-ਨਾਲ ਸਮੂਹ ਦੁਕਾਨਾਂ, ਵਪਾਰਕ ਅਦਾਰਿਆਂ, ਹੋਟਲਾਂ, ਮਾਲ ਢਾਬੇ ਆਦਿ ਵਲੋਂ ਆਪਣੀਆਂ ਨਾਮ ਪੱਟੀਆਂ/ਮੀਲ ਪੱਥਰ/ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ ਆਦਿ ਲਿਖਣ ਸਮੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਲਿਖਿਆ ਜਾਵੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ‘ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ । ਇਸੇ ਸਬੰਧ ਚ ਅੱਜ ਤੀਜੇ ਦਿਨ ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਦੇ 56 ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਦਸ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਰੈਲੀ ਦੌਰਾਨ ਵਿਦਿਆਰਥੀਆਂ ਨੇ ਰਸਤੇ ਵਿੱਚ ਆਉਂਦੀਆ ਦੁਕਾਨਾਂ ਅਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕੀਤਾ ਅਤੇ ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਹੋਰ ਭਾਸ਼ਾਵਾਂ ਵਿੱਚ ਲਿਖਣ ਲਈ ਕਿਹਾ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪਸਾਰ ਲਈ ਕੱਢੀ ਗਈ ਇਹ ਰੈਲੀ ਡੀਏਵੀ ਸਕੂਲ ਤੋਂ ਸ਼ੁਰੂ ਹੋ ਕੇ ਆਈਸੀਆਈਸੀ ਬੈਂਕ ਚੌਂਕ ਤੇ ਫ਼ੌਜੀ ਚੌਕ ਤੋਂ ਵਾਪਿਸ ਤੋਂ ਹੁੰਦੀ ਹੋਈ ਡੀਏਵੀ ਸਕੂਲ ਵਿਖੇ ਸਮਾਪਤ ਹੋਈ।ਇਸ ਮੌਕੇ ਖੋਜ ਅਫ਼ਸਰ ਸ਼੍ਰੀ ਨਵਪ੍ਰੀਤ ਸਿੰਘ, ਡੀਏਵੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੁਰਾਧਾ ਭਾਟੀਆ, ਸੰਗੀਤ ਅਧਿਆਪਕ ਪ੍ਰਿੰਤਪਾਲ ਸਿੰਘ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
Share the post "ਪੰਜਾਬੀ ਮਾਂ ਬੋਲੀ ਦਾ ਕਰਜ਼ ਅਸੀਂ ਸਾਰੀ ਉਮਰ ਨਹੀਂ ਉਤਾਰ ਸਕਦੇ : ਅਨਿੱਲ ਠਾਕੁਰ"