ਸੁਖਜਿੰਦਰ ਮਾਨ
ਬਠਿੰਡਾ 6 ਫਰਵਰੀ: ਪਿਛਲੇ ਪੰਜ ਸਾਲਾਂ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਜਮਾਂ ਪ੍ਰਤੀ ਕਾਰਜ਼ਸੈਲੀ ਤੋਂ ਡਾਢੇ ਨਰਾਜ਼ ਦਿਖ਼ਾਈ ਦੇ ਰਹੇ ਮੁਲਾਜਮਾਂ ਤੇ ਪੈਨਸ਼ਨਰਾਂ ਨੇ ਹੁਣ ਚੋਣ ਜਾਬਤਾ ਲੱਗਣ ਦੇ ਬਾਅਦ ਵੀ ਵਿਤ ਮੰਤਰੀ ਨੂੰ ਘੇਰਣ ਲਈ ਵੱਡੀ ਰਣਨੀਤੀ ਵਿੱਢੀ ਹੋਈ ਹੈ। ਇਸ ਰਣਨੀਤੀ ਤਹਿਤ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰ ਸਾਂਝਾ ਫਰੰਟ ਪੰਜਾਬ ਵਲੋਂ ਆਗਾਮੀ 11 ਫਰਵਰੀ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਵਿਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਮਾਰਚ ਦੌਰਾਨ ਕੱਚੇ ਤੇ ਪੱਕੇ ਮੁਲਾਜਮਾਂ ਤੋਂ ਇਲਾਵਾ ਪੈਨਸ਼ਨਰਾਂ ਨਾਲ ਹੋਏ ਕਥਿਤ ਧੱਕੇ ਦੇ ਵਿਰੋਧ ’ਚ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਗੌਰਤਲਬ ਹੈ ਕਿ ਮਾਲਵਾ ਪੱਟੀ ’ਚ ਸਭ ਤੋਂ ਵੱਡੀ ਗਿਣਤੀ ਮੁਲਾਜਮਾਂ ਨੇ ਬਠਿੰਡਾ ਸ਼ਹਿਰ ਨੂੰ ਅਪਣੀ ਰਿਹਾਇਸ਼ ਬਣਾਇਆ ਹੋਇਆ ਹੈ ਤੇ ਮੁਲਾਜਮਾਂ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੇ ਸਿਆਸੀ ਗਣਿਤ ਨੂੰ ਵਿਗਾੜਣ ਦੀ ਸਮਰੱਥਾ ਰੱਖਦੀਆਂ ਹਨ। ਉਧਰ ਇਸ ਝੰਡਾ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਵਫ਼ਾ ਨਹੀਂ ਹੋ ਸਕਿਆ। ਇਸਤੋਂ ਇਲਾਵਾ ਵਿਤ ਮੰਤਰੀ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਅਤੇ ਕੈਟਾਗਿਰੀਆਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ 37 ਭੱਤੇ ਬੰਦ ਕਰ ਦਿੱਤੇ ਗਏ ਹਨ ਜਦਕਿ ਪੈਨਸਨਰਾਂ ਨਾਲ ਵੱਡਾ ਧੱਕਾ ਕਰਦਿਆਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਦੇ ਬਾਵਜੂਦ ਪੈਨਸਨਰਾਂ ਨੂੰ ਤਨਖਾਹ ਦੁਹਰਾਈ ਤੇ ਉਹਨਾਂ ਦਾ ਬਣਦਾ 2.59 ਦਾ ਗੁਣਾਂਕ ਵੀ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਮਾਣ ਭੱਤਾ/ਇਨਸੈਟਿਵ ’ਤੇ ਕੰਮ ਕਰਦੇ ਕਾਮਿਆਂ ਤੇ ਘੱਟੋ ਘਟ ਉਜਰਤ ਕਾਨੂੰਨ ਲਾਗੂ ਨਹੀ ਕੀਤਾ ਗਿਆ,ਪੁਰਾਣੀ ਪੈਨਸਨ ਬਹਾਲ ਕਰਨ ਲਈ ਬਣਾਈ ਕਮੇਟੀ ਉਠ ਦੇ ਬੁੱਲ੍ਹ ਵਾਂਗ ਸਾਬਿਤ ਹੋ ਰਹੀ ਹੈ,ਪ੍ਰਬੇਸਨ ਪੀਰੀਅਡ ਦੀ ਸਰਤ ਖਤਮ ਨਾ ਕਰਨਾ, ਨਵੀਂ ਭਰਤੀ ਨੂੰ ਕੇਂਦਰੀ ਪੈਟਰਨ ਤੇ ਜੋੜਨਾ, ਤਨਖਾਹ ਦੁਹਰਾਈ ਤੇ 1.1.2016ਨੂੰ ਬਣਦਾ ਮਹਿੰਗਾਈ ਭੱਤਾ 125% ਨੂੰ ਅਧਾਰ ਬਣਾਉਣ ਦੀ ਥਾਂ 113% ਨੂੰ ਅਧਾਰ ਬਣਾ ਕੇ ਬਲਦੀ ਤੇ ਤੇਲ ਪਾਇਆ ਹੈ।ਜਿਸ ਕਰਕੇ ਕੱਚੇ ਮੁਲਾਜਮਾਂ, ਮੁਲਾਜਮਾਂ, ਪੈਨਸਨਰਾਂ ਅਤੇ ਮਾਣ ਭੱਤਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਅੱਜ ਦੀ ਇਸ ਮੀਟਿੰਗ ਵਿੱਚ ਦਰਸਨ ਸਿੰਘ ਮੌੜ ਪੈਨਸਨਰ ਐਸੋਸੀਏਸਨ,ਮੱਖਣ ਸਿੰਘ ਖਣਗਣਵਾਲ ਪ ਸ ਸ ਫ (ਰਾਣਾ), ਗਗਨਦੀਪ ਸਿੰਘ ਪ ਸ ਸ ਫ (ਵਿਗਿਆਨਕ), ਮਨਜੀਤ ਸਿੰਘ ਧੰਜਲ ਪੀ ਐਸ ਪੀ ਸੀ ਐਲ ਪੈਨਸਨਰ,ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ, ਬਲਜਿੰਦਰ ਸਿੰਘ ਡੀ ਟੀ ਐਫ,ਨੈਬ ਸਿੰਘ ਥਰਮਲ ਪੈਨਸਨਰ,ਰਾਜਵੀਰ ਸਿੰਘ ਮਾਨ ਪੀ ਐਸ ਐਮ ਐਸ ਯੂ,ਮੋਹਨ ਲਾਲ ਪੀ ਐਸ ਪੀ ਸੀ ਐਲ, ਭੁਪਿੰਦਰ ਸੰਧੂ ਟੀ ਐਸ ਯੂ,ਅਮਰਜੀਤ ਸਿੰਘ ਹੋਮ ਗਾਰਡ ਐਸੋਸੀਏਸਨ,ਐਸ ਐਸ ਯਾਦਵ ਕਲਾਸ ਫੋਰ ਯੂਨੀਅਨ, ਗੁਰਦਰਸਨ ਸਿੰਘ, ਸੁਖਚੈਨ ਸਿੰਘ, ਜਗਪਾਲ ਸਿੰਘ ਬੰਗੀ, ਕਿਸੋਰ ਚੰਦ ਗਾਜ, ਜਵਾਹਰ ਲਾਲ, ਸੰਜੀਵ ਕੁਮਾਰ, ਗੁਰਤੇਜ ਸਿੰਘ, ਸਾਮ ਸਰੂਪ, ਦਰਸਨ ਰਾਮ ਸਰਮਾ ਸੁਰਜੀਤ ਸਿੰਘ ਅਤੇ ਪਿ੍ਰੰਸੀਪਲ ਰਣਜੀਤ ਸਿੰਘ ਆਦਿ ਆਗੂਆਂ ਨੇ ਭਾਗ ਲਿਆ।
Share the post "ਪੰਜਾਬ ਯੂ ਟੀ ਮੁਲਾਜਮ ਤੇ ਪੈਨਸਨਰ ਫਰੰਟ ਵਲੋਂ 11 ਨੂੰ ਵਿੱਤ ਮੰਤਰੀ ਦੇ ਹਲਕੇ ’ਚ ਝੰਡਾ ਮਾਰਚ"