ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਨੇ ਛੱਡਿਆ ਹੋਸਟਲ
ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ: ਦੋ ਸਾਲ ਪਹਿਲਾਂ ਮਾਲਵਾ ਪੱਟੀ ਦੇ ਲੋਕਾਂ ਲਈ ਵਰਦਾਨ ਬਣ ਕੇ ਆਏ ਏਮਜ ਹਸਪਤਾਲ ‘ਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਨਾਲ ਸੀਨੀਅਰਾਂ ਵਲੋਂ ਰੈਗਿੰਗ ਕਰਨ ਦਾ ਮਾਮਲਾ ਗਰਮਾ ਗਿਆ ਹੈ। ਹਾਲਾਂਕਿ ਏਮਜ਼ ਦੇ ਪ੍ਰਬੰਧਕਾਂ ਨੇ ਰੈਗਿੰਗ ਹੋਣ ਤੋਂ ਸਪੱਸ਼ਟ ਇੰਨਕਾਰ ਕਰਦਿਆਂ ਐਲਾਨ ਕੀਤਾ ਹੈ ਕਿ ‘‘ਇੱਥੇ ਅਜਿਹਾ ਕੁੱਝ ਵੀ ਨਹੀਂ ਹੁੰਦਾ ਪ੍ਰੰਤੂ ਉਕਤ ਵਿਦਿਆਰਥੀ ਨੇ ਅਪਣਾ ਹੋਸਟਲ ਹੀ ਛੱਡ ਦਿੱਤਾ ਹੈ।’’ ਇਸ ਘਟਨਾ ਦਾ ਪਤਾ ਲੱਗਣ ’ਤੇ ਏਮਜ਼ ਦੇ ਪ੍ਰਬੰਧਕਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਅਪਣੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਚ ਐੱਮਬੀਬੀਐੱਸ ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਦੀ ਹੱਥ ਲਿਖਤ ਚਿੱਠੀ ਸੋਸਲ ਮੀਡੀਆ ’ਤੇ ਵਾਈਰਲ ਹੋਈ ਹੈ। ਜਿਸ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਹੋਸਟਲ ’ਚ ਰਹਿਣ ਵਾਲੇ ਸੀਨੀਅਰ ਵਿਦਿਆਰਥੀਆਂ ਨੇ ਉਸਦੇ ਨਾਲ ਰੈਗਿੰਗ ਕੀਤੀ ਹੈ, ਜਿਸ ਕਾਰਨ ਉਹ ਅਪਣਾ ਹੋਸਟਲ ਛੱਡ ਕੇ ਵਾਪਸ ਜਾ ਰਿਹਾ ਹੈ। ਉਧਰ ਜਦ ਇਸ ਮਾਮਲੇ ਦੇ ਵਿਚ ਪੱਖ ਜਾਣਨ ਲਈ ਸੰਸਥਾ ਦੇ ਡੀਨ ਡਾ: ਸਤੀਸ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਘਟਨਾ ਤੋਂ ਸਪੱਸ਼ਟ ਇੰਨਕਾਰ ਕਰਦਿਆਂ ਕਿਹਾ ਕਿ ‘‘ ਵਿਦਿਆਰਥੀ ਅਪਣੀ ਮਰਜ਼ੀ ਨਾਲ ਘਰ ਗਿਆ ਹੈ ਪ੍ਰੰਤੂ ਉਸਦੇ ਕਮਰੇ ਵਿਚੋਂ ਚਿੱਠੀ ਜਰੂਰ ਮਿਲੀ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ’’ ਉਨ੍ਹਾਂ ਕਿਹਾ ਕਿ ਏਮਜ਼ ਵਿਚ ਰੈਗਿੰਗ ਨਾਂ ਦੀ ਕੋਈ ਗੱਲ ਨਹੀਂ ਹੈ ਤੇ ਹੋਸਟਲਾਂ ਵਿਚ ਸਖ਼ਤ ਨਿਗਰਾਨੀ ਰੱਖੀ ਜਾਂਦੀ ਹੈ।
ਬਠਿੰਡਾ ਏਮਜ਼ ’ਚ ਵਿਦਿਆਰਥੀ ਦੀ ਰੈਗਿੰਗ ਦਾ ਮਾਮਲਾ ਗਰਮਾਇਆ
13 Views